ਪੱਛਮੀ ਬੰਗਾਲ ਲਈ ਘੁਸਪੈਠ ਸਭ ਤੋਂ ਵੱਡੀ ਚੁਣੌਤੀ : ਮੋਦੀ
Sunday, Jan 18, 2026 - 10:33 AM (IST)
ਮਾਲਦਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੁਸਪੈਠ ਨੂੰ ਲੈ ਕੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਹੈ ਕਿ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਪ੍ਰਵਾਸ ਨੇ ਸੂਬੇ ਦੀ ਆਬਾਦੀ ਦੇ ਢਾਂਚੇ ਨੂੰ ਬਦਲ ਦਿੱਤਾ ਹੈ ਜਿਸ ਕਾਰਨ ਦੰਗੇ ਹੋਏ ਹਨ। ਮੁਸਲਿਮ ਬਹੁਗਿਣਤੀ ਵਾਲੇ ਜ਼ਿਲੇ ਮਾਲਦਾ ’ਚ ਸ਼ਨੀਵਾਰ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਦੀ ਸਰਪ੍ਰਸਤੀ ਅਤੇ ਸਿੰਡੀਕੇਟ ਰਾਜ ਨੇ ਘੁਸਪੈਠ ’ਚ ਵਾਧਾ ਕੀਤਾ ਹੈ।
ਉਨ੍ਹਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਅਭਿਆਸ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਮਟੂਆ ਭਾਈਚਾਰੇ ਵਰਗੇ ਸ਼ਰਨਾਰਥੀਆਂ ਨੂੰ ਵੀ ਭਰੋਸਾ ਦਿੱਤਾ ਜੋ ਗੁਆਂਢੀ ਬੰਗਲਾਦੇਸ਼ ’ਚੋਂ ਧਾਰਮਿਕ ਅੱਤਿਆਚਾਰ ਕਾਰਨ ਭਾਰਤ ਆਉਣ ਲਈ ਮਜਬੂਰ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘੁਸਪੈਠ ਪੱਛਮੀ ਬੰਗਾਲ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ। ਜੇ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਉਹ ਘੁਸਪੈਠੀਆਂ ਵਿਰੁੱਧ ਕਾਰਵਾਈ ਕਰਨ ਤੇ ਪੱਛਮੀ ਬੰਗਾਲ ’ਚ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਵੱਡੇ ਕਦਮ ਚੁੱਕੇਗੀ।
ਮੋਦੀ ਨੇ ਕਿਹਾ ਕਿ ਦੁਨੀਆ ’ਚ ਕਈ ਵਿਕਸਤ ਤੇ ਖੁਸ਼ਹਾਲ ਦੇਸ਼ ਹਨ ਜਿਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ, ਫਿਰ ਵੀ ਉਹ ਘੁਸਪੈਠੀਆਂ ਨੂੰ ਬਾਹਰ ਕੱਢ ਰਹੇ ਹਨ। ਪੱਛਮੀ ਬੰਗਾਲ ਤੋਂ ਘੁਸਪੈਠੀਆਂ ਨੂੰ ਬਾਹਰ ਕੱਢਣਾ ਵੀ ਓਨਾ ਹੀ ਅਹਿਮ ਹੈ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਦਾ ਸਿੰਡੀਕੇਟ ਸਿਸਟਮ ਸੂਬੇ ’ਚ ਘੁਸਪੈਠੀਆਂ ਨੂੰ ਵਸਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਘੁਸਪੈਠੀਆਂ ਤੇ ਸੱਤਾਧਾਰੀ ਪਾਰਟੀ ਦਰਮਿਆਨ ਗੰਢ-ਸੰਢ ਹੈ। ਹੁਣ ਪੱਛਮੀ ਬੰਗਾਲ ’ਚ ਵੀ ਚੰਗੇ ਰਾਜ ਦਾ ਸਮਾਂ ਆ ਗਿਆ ਹੈ। ਬਿਹਾਰ ’ਚ ਭਾਜਪਾ ਦੀ ਚੋਣ ਜਿੱਤ ਨੂੰ ਯਾਦ ਕਰਦੇ ਹੋਏ ਮੋਦੀ ਨੇ ਕਿਹਾ ਕਿ ਮੈਂ ਉਦੋਂ ਟਿੱਪਣੀ ਕੀਤੀ ਸੀ ਕਿ ਹੁਣ ਬੰਗਾਲ ਦੀ ਵਾਰੀ ਹੈ। ਹੁਣ ਆਉਣ ਵਾਲੀਆਂ ਸੂਬਾਈ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਜ਼ਬਰਦਸਤ ਫਤਵਾ ਮਿਲੇਗਾ।
3250 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਲਾਂਚ ਕੀਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ 3250 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤਾਂ ਜੋ ਪੱਛਮੀ ਬੰਗਾਲ ਤੇ ਉੱਤਰ-ਪੂਰਬ ਦਰਮਿਆਨ ਸੰਪਰਕ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਇਸ ਮੌਕੇ ’ਤੇ 4 ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਡਿਜੀਟਲੀ ਢੰਗ ਨਾਲ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਮਾਲਦਾ ਟਾਊਨ ਰੇਲਵੇ ਸਟੇਸ਼ਨ ਤੋਂ ਹਾਵੜਾ ਤੇ ਗੁਹਾਟੀ (ਕਾਮਾਖਿਆ) ਦਰਮਿਆਨ ਚੱਲਣ ਵਾਲੀ ਦੇਸ਼ ਦੀ ਪਹਿਲੀ ਤੇ ਸਭ ਤੋਂ ਉੱਨਤ ਵੰਦੇ ਭਾਰਤ ਸਲੀਪਰ ਟ੍ਰੇਨ ਦਾ ਉਦਘਾਟਨ ਵੀ ਕੀਤਾ। ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਸਲੀਪਰ ਟ੍ਰੇਨ ਰਾਹੀਂ ਹਾਵੜਾ-ਗੁਹਾਟੀ ਰੂਟ ’ਤੇ ਸਫਰ ਦਾ ਸਮਾਂ ਲਗਭਗ 2.5 ਘੰਟੇ ਘਟਣ ਦੀ ਉਮੀਦ ਹੈ। ਇਸ ਸਮੇਂ ਹਾਵੜਾ ਤੋਂ ਗੁਹਾਟੀ ਤੱਕ ਰੇਲਗੱਡੀ ਰਾਹੀਂ ਸਫਰ ਕਰਨ ’ਚ 18 ਘੰਟੇ ਲੱਗਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
