ਦੁਬਈ 'ਚ ਸੜਕ ਹਾਦਸੇ ਦੌਰਾਨ ਮਸ਼ਹੂਰ ਭਾਰਤੀ ਡਾਕਟਰ ਦਾ ਦਿਹਾਂਤ

11/28/2019 3:32:40 PM

ਦੁਬਈ,(ਪੀ. ਟੀ. ਆਈ.)— ਦੁਬਈ 'ਚ ਸੜਕ ਹਾਦਸੇ ਦੌਰਾਨ ਇਕ ਮਸ਼ਹੂਰ ਭਾਰਤੀ ਡਾਕਟਰ ਦਾ ਦਿਹਾਂਤ ਹੋ ਗਿਆ। 'ਖਲੀਜ ਟਾਈਮਜ਼' ਮੁਤਾਬਕ ਡਾਕਟਰ ਦੀ ਪਛਾਣ 60 ਸਾਲਾ ਜੋਹਨ ਮਾਰਸ਼ਲ ਸਕਿੰਨਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ਉਲਟ ਬਾਜ਼ੀਆਂ ਖਾਂਦੀ ਹੋਈ ਡਿਗੀ ਤੇ ਇਸ 'ਚ ਅੱਗ ਲੱਗ ਗਈ। ਅਲ ਮੁਸਾਵਾ ਮੈਡੀਕਲ ਸੈਂਟਰ ਦੇ ਡਾਕਟਰ ਜਦ ਆਪਣੀ ਕਾਰ ਰਾਹੀਂ ਕਲੀਨਿਕ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰਿਆ। ਉਹ ਕੇਰਲ ਦੇ ਰਹਿਣ ਵਾਲੇ ਸਨ ਤੇ ਲਗਭਗ 20 ਸਾਲਾਂ ਤੋਂ ਦੁਬਈ 'ਚ ਕੰਮ ਕਰ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਆਪਣੀ ਕਾਰ 'ਤੇ ਕੰਟਰੋਲ ਨਾ ਰਿਹਾ ਤੇ ਇਹ ਉਲਟਬਾਜ਼ੀਆਂ ਖਾਂਦੀ ਹੋਈ ਡਿੱਗ ਗਈ ਤੇ ਅੱਗ ਲੱਗ ਗਈ।

ਦੁਬਈ ਪੁਲਸ ਮੁਤਾਬਕ ਉਹ ਕਾਰ 'ਚ ਹੀ ਫਸ ਗਏ ਤੇ ਬਾਹਰ ਨਾ ਨਿਕਲ ਸਕੇ। ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਯੂ. ਏ. ਈ. 'ਚ ਭਾਰਤ ਦੇ ਮਸ਼ਹੂਰ ਡਾਕਟਰ ਸਨ। ਉਨ੍ਹਾਂ ਦੇ ਮਾਂ-ਬਾਪ, ਭੈਣਾਂ ਤੇ ਭਰਾ ਡਾਕਟਰ ਰਹੇ।

ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ ਜੋਹਨ ਦੇ ਦਿਹਾਂਤ ਕਾਰਨ ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਮਰੀਜ਼ਾਂ ਨੂੰ ਵੀ ਕਾਫੀ ਦੁੱਖ ਲੱਗਾ ਹੈ। ਉਨ੍ਹਾਂ ਦੇ ਚੰਗੇ ਸੁਭਾਅ ਕਾਰਨ ਸਭ ਉਨ੍ਹਾਂ ਨੂੰ ਬਹੁਤ ਮਾਣ ਦਿੰਦੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਏ ਹਨ ਅਤੇ ਉਨ੍ਹਾਂ ਦੇ ਬੱਚੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ।