ਗੁਜਰਾਤ: ਘੋੜੀ ''ਤੇ ਬੈਠਣ ਕਾਰਨ ਦਲਿਤ ਲਾੜੇ ਦੀ ਰੋਕੀ ਗਈ ਬਾਰਾਤ
Monday, Jun 18, 2018 - 05:40 PM (IST)

ਗਾਂਧੀਨਗਰ— ਗੁਜਰਾਤ 'ਚ ਪਿਛਲੇ ਕੁਝ ਸਮੇਂ ਤੋਂ ਦਲਿਤਾਂ 'ਤੇ ਹੋਣ ਵਾਲੇ ਅੱਤਿਆਚਾਰ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਐਤਵਾਰ ਨੂੰ ਇਕ ਵਾਰ ਫਿਰ ਗਾਂਧੀਨਗਰ 'ਚ ਅਜਿਹੀ ਹੀ ਘਟਨਾ ਹੋਈ ਹੈ। ਜਾਣਕਾਰੀ ਮੁਤਾਬਕ ਮਾਣਸਾ ਤਹਿਸੀਲ ਦੇ ਪਾਰਸਾ ਪਿੰਡ 'ਚ ਦਲਿਤ ਵਿਅਕਤੀ ਦੀ ਬਾਰਾਤ ਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਲਾੜਾ ਘੋੜੀ 'ਤੇ ਸਵਾਰ ਸੀ। ਇਸ ਮਾਮਲੇ 'ਚ ਪੁਲਸ ਨੇ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਣਸਾ ਦੇ ਪਾਰਸਾ ਪਿੰਡ 'ਚ ਇਕ ਦਲਿਤ ਵਿਅਕਤੀ ਦੀ ਬਾਰਾਤ ਨਿਕਲੀ ਸੀ। ਉਦੋਂ ਰਸਤੇ 'ਚ ਦੂਜੇ ਸਮੁਦਾਇ ਦੇ ਲੋਕ ਆ ਗਏ ਅਤੇ ਬਾਰਾਤ ਨੂੰ ਰੋਕ ਦਿੱਤਾ ਗਿਆ। ਲਾੜੇ ਨੂੰ ਘੋੜੀ ਤੋਂ ਹੇਠਾਂ ਉਤਾਰਿਆ ਗਿਆ, ਜਿਸ ਦੇ ਬਾਅਦ ਇਹ ਮਾਮਲਾ ਹੋਰ ਗਰਮਾ ਗਿਆ। ਇਸ ਘਟਨਾ ਨੂੰ ਦੇਖਣ ਦੇ ਬਾਅਦ ਆਸਪਾਸ ਦੇ ਲੋਕ ਇੱਕਠਾ ਹੋ ਗਏ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਕਰਨ ਦੀ ਗੱਲ ਕੀਤੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਇਸ ਘਟਨਾ ਦੇ ਬਾਅਦ ਵੜਗਾਓਂ ਦੇ ਵਿਧਾਇਕ ਅਤੇ ਦਲਿਤ ਨੇਤਾ ਜਿਗਨੇਸ਼ ਮੇਵਾਣੀ ਨੇ ਟਵੀਟ ਕਰਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਜਿਗਨੇਸ਼ ਨੇ ਆਪਣੇ ਟਵੀਟ 'ਚ ਲਿਖਿਆ ਕਿ ਕੱਲ ਡੀ.ਜੀ.ਪੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਦਲਿਤ ਸੁਰੱਖਿਅਤ ਹਨ ਪਰ ਅੱਜ ਖਬਰ ਮਿਲ ਰਹੀ ਹੈ ਕਿ ਗਾਂਧੀਨਗਰ ਜ਼ਿਲੇ ਦੇ ਮਾਨਸਾ ਤਹਿਸੀਲ ਦੇ ਪਾਰਸਾ ਪਿੰਡ 'ਚ ਦਲਿਤ ਸਮਾਜ ਦੇ ਲਾੜੇ ਨੂੰ ਘੋੜੀ ਤੋਂ ਉਤਾਰ ਕੇ ਅਪਮਾਨਿਤ ਕੀਤਾ ਗਿਆ। ਪੱਕਾ ਇਹ ਸਰਕਾਰ ਦੀ ਯੋਜਨਾ ਲੱਗ ਰਹੀ ਹੈ।