IMD ਦਾ ਅਪਡੇਟ, ਫਰਵਰੀ ਮਹੀਨੇ ਤੋਂ ਹੀ ਵਧੇਗਾ ''ਪਾਰਾ''

Saturday, Feb 01, 2025 - 03:06 PM (IST)

IMD ਦਾ ਅਪਡੇਟ, ਫਰਵਰੀ ਮਹੀਨੇ ਤੋਂ ਹੀ ਵਧੇਗਾ ''ਪਾਰਾ''

ਨਵੀਂ ਦਿੱਲੀ- ਇਸ ਵਾਰ ਫਰਵਰੀ ਮਹੀਨੇ 'ਚ ਹੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਪੂਰਵ ਅਨੁਮਾਨ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਮੀਂਹ ਵੀ ਔਸਤ ਨਾਲੋਂ ਘੱਟ ਪਵੇਗਾ। ਦੱਸ ਦੇਈਏ ਕਿ ਜਨਵਰੀ ਮਹੀਨਾ ਵੀ ਵੱਧ ਖੁਸ਼ਕ ਅਤੇ ਗਰਮ ਰਿਹਾ, ਜੋ 1901 ਮਗਰੋਂ ਤੀਜਾ ਸਭ ਤੋਂ ਜ਼ਿਆਦਾ ਗਰਮ ਸੀ। IMD ਮੁਤਾਬਕ ਫਰਵਰੀ ਵਿਚ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਖੇਤੀ ਅਤੇ ਜਲ ਸਾਧਨਾਂ 'ਤੇ ਪ੍ਰਭਾਵ ਪੈ ਸਕਦਾ ਹੈ। 

ਫਰਵਰੀ 'ਚ ਵੀ ਘੱਟ ਮੀਂਹ ਪੈਣ ਦੀ ਉਮੀਦ:  IMD 
IMD  ਦੇ ਡਾਇਰੈਕਟਰ ਜਨਰਲ ਮਹਾਪਾਤਰਾ ਨੇ ਕਿਹਾ ਕਿ ਫਰਵਰੀ ਵਿਚ ਵੀ ਅਜਿਹਾ ਹੀ ਮੌਸਮ ਰਹਿਣ ਦੀ ਉਮੀਦ ਹੈ। ਘੱਟ ਮੀਂਹ ਹਾੜੀ ਦੀਆਂ ਫਸਲਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਫਰਵਰੀ ਵਿਚ ਮੀਂਹ ਆਮ ਨਾਲੋਂ 81 ਫ਼ੀਸਦੀ ਘੱਟ ਪੈ ਸਕਦਾ ਹੈ। 1971 ਤੋਂ 2020 ਤੱਕ ਦੇ ਅੰਕੜਿਆਂ ਮੁਤਾਬਕ ਫਰਵਰੀ ਵਿਚ ਔਸਤਨ 22.7 ਮਿਲੀਮੀਟਰ ਮੀਂਹ ਪਿਆ ਹੈ। ਇਸ ਵਾਰ ਹੋਰ ਵੀ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ-ਮੱਧ, ਪ੍ਰਾਇਦੀਪ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟ ਮੀਂਹ ਪਵੇਗਾ।

ਮੌਸਮ ਵਿਭਾਗ ਨੇ ਤਾਪਮਾਨ ਬਾਰੇ ਕੀ ਕਿਹਾ?
ਤਾਪਮਾਨ ਦੀ ਗੱਲ ਕਰੀਏ ਤਾਂ ਉੱਤਰ-ਪੱਛਮੀ ਅਤੇ ਪ੍ਰਾਇਦੀਪ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਜ਼ਿਆਦਾਤਰ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਇਸੇ ਤਰ੍ਹਾਂ ਪੱਛਮੀ-ਮੱਧ ਅਤੇ ਪ੍ਰਾਇਦੀਪ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਜ਼ਿਆਦਾਤਰ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਫਰਵਰੀ ਵਿਚ ਇਹ ਹੋਰ ਵੀ ਗਰਮ ਹੋਵੇਗਾ।

ਜਨਵਰੀ 'ਚ ਘੱਟ ਮੀਂਹ ਅਤੇ ਜ਼ਿਆਦਾ ਪਾਰੇ ਦਾ ਰਿਕਾਰਡ 
ਮਹਾਪਾਤਰਾ ਨੇ ਕਿਹਾ ਕਿ ਜਨਵਰੀ ਦੇ ਮਹੀਨੇ ਵਿਚ ਭਾਰਤ ਵਿਚ ਔਸਤਨ ਸਿਰਫ਼ 4.5 ਮਿਲੀਮੀਟਰ ਮੀਂਹ ਪਿਆ। ਇਹ 1901 ਤੋਂ ਬਾਅਦ ਚੌਥੀ ਵਾਰ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ ਅਤੇ 2001 ਤੋਂ ਬਾਅਦ ਤੀਜੀ ਵਾਰ ਸਭ ਤੋਂ ਘੱਟ ਮੀਂਹ ਦਰਜ ਕੀਤਾ ਗਿਆ। ਜਨਵਰੀ ਵਿਚ ਦੇਸ਼ ਦਾ ਔਸਤ ਤਾਪਮਾਨ 18.98 ਡਿਗਰੀ ਸੈਲਸੀਅਸ ਰਿਹਾ। ਇਹ 1901 ਤੋਂ ਬਾਅਦ ਜਨਵਰੀ ਮਹੀਨੇ ਦਾ ਤੀਜਾ ਸਭ ਤੋਂ ਵੱਧ ਤਾਪਮਾਨ ਹੈ। ਇਸ ਤੋਂ ਪਹਿਲਾਂ 1958 ਅਤੇ 1990 ਵਿਚ ਜਨਵਰੀ ਵਿਚ  ਇਸ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ।


author

Tanu

Content Editor

Related News