ਪਾਕਿਸਤਾਨ ਦੀ ਕਿਸੇ ਵੀ ਅੱਤਵਾਦੀ ਹਰਕਤ ਦਾ ਕਰਾਰਾ ਜਵਾਬ ਦੇਵਾਂਗੇ : ਰਾਜਨਾਥ

Thursday, Oct 15, 2026 - 07:23 PM (IST)

ਪਾਕਿਸਤਾਨ ਦੀ ਕਿਸੇ ਵੀ ਅੱਤਵਾਦੀ ਹਰਕਤ ਦਾ ਕਰਾਰਾ ਜਵਾਬ ਦੇਵਾਂਗੇ : ਰਾਜਨਾਥ

ਨਵੀਂ ਦਿੱਲੀ,  (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਤਵਾਦ ਨੂੰ ਕਤਈ ਬਰਦਾਸ਼ਤ ਨਾ ਕਰਨ ਦੀ ਸਰਕਾਰ ਦੀ ਨੀਤੀ ’ਤੇ ਇਕ ਵਾਰ ਫਿਰ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਤੋਂ ਹੋਣ ਵਾਲੀ ਕਿਸੇ ਵੀ ਅੱਤਵਾਦੀ ਹਰਕਤ ਦਾ ਭਾਰਤ ਕਰਾਰਾ ਜਵਾਬ ਦੇਵੇਗਾ। ਰਾਜਨਾਥ ਨੇ ਵੀਰਵਾਰ ਨੂੰ ਇੱਥੇ ਇਕ ਨਿੱਜੀ ਮੀਡੀਆ ਸੰਸਥਾ ਦੇ ਪ੍ਰੋਗਰਾਮ ’ਚ ਕਿਹਾ, ‘‘ਆਪ੍ਰੇਸ਼ਨ ਸਿੰਧੂਰ, ਬਾਲਾਕੋਟ ਹਵਾਈ ਹਮਲੇ ਅਤੇ ਸਰਜੀਕਲ ਸਟ੍ਰਾਈਕ ਭਾਰਤ ਦੀ ਅੱਤਵਾਦ ਨਾਲ ਨਜਿੱਠਣ ਦੀ ਨੀਤੀ ’ਚ ਵੱਡੇ ਬਦਲਾਅ ਦੇ ਪ੍ਰਤੀਕ ਹਨ। ਭਾਰਤ ਹੁਣ ਸਿਰਫ ਕੂਟਨੀਤਕ ਵਿਰੋਧ ਤੱਕ ਸੀਮਤ ਨਹੀਂ ਹੈ, ਸਗੋਂ ਅੱਤਵਾਦ ਦੇ ਸੋਮੇ ਤੱਕ ਪਹੁੰਚ ਕੇ ਕਾਰਵਾਈ ਕਰਨ ਲਈ ਤਿਆਰ ਹੈ।’’
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੱਭਿਆਚਾਰ ਗੱਲਬਾਤ, ਆਪਸੀ ਸਹਿਯੋਗ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਵਿਵਾਦ ਸੁਲਝਾਉਣ ’ਚ ਵਿਸ਼ਵਾਸ ਕਰਦਾ ਹੈ ਪਰ ਸ਼ਾਂਤੀ ਦੀ ਇਸ ਨੀਤੀ ਨੂੰ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਬਾਅਦ ਅੱਤਵਾਦੀਆਂ ਦੀ ਸਰਗਰਮੀ ਦੀ ਮਿਆਦ ਘਟ ਕੇ ਇਕ ਸਾਲ ਤੋਂ ਵੀ ਘੱਟ ਰਹਿ ਗਈ ਹੈ ਅਤੇ ਸੁਰੱਖਿਆ ਫੋਰਸਾਂ ਹਥਿਆਰ ਚੁੱਕਣ ਤੋਂ ਇਕ ਸਾਲ ਦੇ ਅੰਦਰ ਹੀ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਰਹੀਆਂ ਹਨ।

ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ’ਚ ਸ਼ਾਂਤੀ ਬਣਾਈ ਰੱਖਣ ਲਈ ਤਾਕਤ ਅਤੇ ਸਮਰੱਥਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, ‘‘ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਲੋੜ ਪੈਣ ’ਤੇ ਜੰਗ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦਾ ਟੀਚਾ ਹੈ।’’ ਉਨ੍ਹਾਂ ਬਦਲਦੇ ਸੁਰੱਖਿਆ ਹਾਲਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਕੂੜ-ਪ੍ਰਚਾਰ, ਅਸਥਿਰਤਾ ਫੈਲਾਉਣ, ਕੰਮਕਾਜ ਪ੍ਰਭਾਵਿਤ ਕਰਨ, ਧੋਖਾ ਦੇਣ ਅਤੇ ਵਿਨਾਸ਼ ਵਰਗੀਆਂ 5 ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਅੱਤਵਾਦ ਹੁਣ ਸੰਗਠਿਤ ਗਿਰੋਹਾਂ ਤੱਕ ਸੀਮਤ ਨਹੀਂ ਹੈ। ਆਤਮਘਾਤੀ ਵਜੋਂ ਇਕੱਲੇ ਹਮਲਾ ਕਰਨ ਵਾਲੇ ਅਤੇ ਪੇਸ਼ੇਵਰ ਵਜੋਂ ਕੰਮ ਕਰਨ ਵਾਲੇ ਅੱਤਵਾਦੀਆਂ ਨਾਲ ਨਜਿੱਠਣਾ ਵੀ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣ ਰਿਹਾ ਹੈ।


author

Shubam Kumar

Content Editor

Related News