ਜਲਵਾਯੂ ਪਰਿਵਰਤਨ ਪਾਕਿਸਤਾਨ ਦੀ ਖੁਰਾਕ ਸੁਰੱਖਿਆ ਲਈ ਬਣਿਆ ਵੱਡਾ ਖ਼ਤਰਾ

Sunday, Oct 04, 2026 - 11:49 AM (IST)

ਜਲਵਾਯੂ ਪਰਿਵਰਤਨ ਪਾਕਿਸਤਾਨ ਦੀ ਖੁਰਾਕ ਸੁਰੱਖਿਆ ਲਈ ਬਣਿਆ ਵੱਡਾ ਖ਼ਤਰਾ

ਇਸਲਾਮਾਬਾਦ- ਜੰਗਲਾਂ ਦੀ ਕਟਾਈ, ਫਾਸਿਲ ਈਂਧਨ ਦੀ ਵਰਤੋਂ ਅਤੇ ਤੇਜ਼ ਉਦਯੋਗੀਕਰਨ ਕਾਰਨ ਵਧ ਰਿਹਾ ਜਲਵਾਯੂ ਪਰਿਵਰਤਨ ਪਾਕਿਸਤਾਨ ਦੀ ਖੁਰਾਕ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਬਣ ਗਿਆ ਹੈ। ਨਵੰਬਰ 2025 ਵਿੱਚ ਬੈਲੇਮ (ਬ੍ਰਾਜ਼ੀਲ) ਵਿੱਚ ਹੋਏ COP30 ਸੰਮੇਲਨ ਦੌਰਾਨ ਜਲਵਾਯੂ ਪਰਿਵਰਤਨ ਦੇ ਖ਼ਤਰਨਾਕ ਪ੍ਰਭਾਵਾਂ 'ਤੇ ਚਰਚਾ ਕੀਤੀ ਗਈ ਸੀ, ਹਾਲਾਂਕਿ ਨਿਕਾਸ ਘਟਾਉਣ ਲਈ ਕੋਈ ਸਖ਼ਤ ਟੀਚੇ ਤੈਅ ਨਹੀਂ ਹੋ ਸਕੇ। ਅਗਲਾ COP31 ਸੰਮੇਲਨ ਨਵੰਬਰ 2026 ਵਿੱਚ ਅੰਤਾਲਿਆ (ਤੁਰਕੀ) ਵਿੱਚ ਹੋਣਾ ਤੈਅ ਹੈ। ਗਲੋਬਲ ਵਾਰਮਿੰਗ 2.5 ਡਿਗਰੀ ਸੈਲਸੀਅਸ ਤੋਂ ਵਧਣ ਦੀ ਸੰਭਾਵਨਾ ਹੈ, ਜਿਸ ਦੇ ਧਰਤੀ 'ਤੇ ਗੰਭੀਰ ਨਤੀਜੇ ਨਿਕਲ ਸਕਦੇ ਹਨ।

ਗਲੋਬਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਪਾਕਿਸਤਾਨ ਦਾ ਹਿੱਸਾ ਸਿਰਫ਼ 1 ਫੀਸਦੀ ਹੈ, ਪਰ ਇਹ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਲਈ ਬਹੁਤ ਸੰਵੇਦਨਸ਼ੀਲ ਹੈ। ਸਾਲ 2025 ਦੇ ਮਾਨਸੂਨ ਸੀਜ਼ਨ (ਜੂਨ ਤੋਂ ਸਤੰਬਰ) ਦੌਰਾਨ ਪਾਕਿਸਤਾਨ ਵਿੱਚ 13 ਲੱਖ ਹੈਕਟੇਅਰ ਤੋਂ ਵੱਧ ਖੇਤੀਬਾੜੀ ਜ਼ਮੀਨ ਹੜ੍ਹਾਂ ਦੀ ਲਪੇਟ ਵਿੱਚ ਆ ਗਈ, ਜਿਸ ਨਾਲ ਚੌਲ, ਕਪਾਹ ਅਤੇ ਗੰਨੇ ਦੀਆਂ ਫ਼ਸਲਾਂ ਤਬਾਹ ਹੋ ਗਈਆਂ। ਇਸ ਨਾਲ ਦੇਸ਼ ਨੂੰ 1.23 ਅਰਬ ਅਮਰੀਕੀ ਡਾਲਰ ਦਾ ਖੇਤੀਬਾੜੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਸਿੰਧ ਸੂਬੇ ਵਿੱਚ ਗੁੱਡੂ ਅਤੇ ਸੁੱਕਰ ਬੈਰਾਜਾਂ ਦੇ ਭਰਨ ਕਾਰਨ 1,50,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ।

ਪਾਕਿਸਤਾਨ ਦੀ 24 ਕਰੋੜ (240 ਮਿਲੀਅਨ) ਆਬਾਦੀ 2.4 ਫੀਸਦੀ ਦੀ ਦਰ ਨਾਲ ਵਧ ਰਹੀ ਹੈ, ਜੋ 2050 ਤੱਕ 30 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਵਿੱਤੀ ਸਾਲ 2025 ਵਿੱਚ ਪਾਕਿਸਤਾਨ ਦਾ ਭੋਜਨ ਆਯਾਤ ਬਿਲ 8 ਅਰਬ ਅਮਰੀਕੀ ਡਾਲਰ ਰਿਹਾ, ਜਿਸ ਨਾਲ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਭਾਰੀ ਦਬਾਅ ਪੈ ਰਿਹਾ ਹੈ। ਇਸ ਤੋਂ ਇਲਾਵਾ, 2025 ਦੇ ਹੜ੍ਹਾਂ ਦੌਰਾਨ 22,800 ਪਸ਼ੂ ਮਾਰੇ ਗਏ, ਜਿਸ ਨਾਲ ਪਸ਼ੂ ਪਾਲਣ 'ਤੇ ਨਿਰਭਰ 80 ਲੱਖ ਗ੍ਰਾਮੀਣ ਪਰਿਵਾਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ। ਰਿਪੋਰਟ ਅਨੁਸਾਰ ਜੈਨੇਟਿਕਲੀ ਮੋਡੀਫਾਈਡ (GM) ਬੀਜਾਂ, ਨਵੇਂ ਛੋਟੇ ਡੈਮਾਂ ਅਤੇ ਆਧੁਨਿਕ ਖੇਤੀ ਨਾਲ ਇਸ ਸੰਕਟ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਮੌਸਮੀ ਤਬਦੀਲੀਆਂ ਕਾਰਨ ਸ਼ਹਿਰਾਂ ਵੱਲ ਹੋ ਰਿਹਾ ਪ੍ਰਵਾਸ ਸ਼ਹਿਰੀ ਪ੍ਰਦੂਸ਼ਣ ਅਤੇ ਕੂੜਾ ਸਾੜਨ ਨਾਲ ਕਾਰਬਨ ਮੋਨੋਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਦਾ ਖ਼ਤਰਾ ਵਧਾ ਰਿਹਾ ਹੈ।


author

Tarsem Singh

Content Editor

Related News