ਆਰਟੀਕਲ-370 ਦੀ ਬਹਾਲੀ ਲਈ ਸ਼ਾਂਤੀਪੂਰਵਕ ਲੜਾਂਗੇ : ਫਾਰੂਕ

Wednesday, Dec 08, 2021 - 11:07 AM (IST)

ਆਰਟੀਕਲ-370 ਦੀ ਬਹਾਲੀ ਲਈ ਸ਼ਾਂਤੀਪੂਰਵਕ ਲੜਾਂਗੇ : ਫਾਰੂਕ

ਜੰਮੂ, (ਏਜੰਸੀਆਂ, ਸਤੀਸ਼)– ਨੈਸ਼ਨਲ ਕਾਨਫਰੈਂਸ (ਨੈਕਾਂ) ਦੇ ਪ੍ਰਧਾਨ ਡਾ. ਫਾਰੂਕ ਅਬਦੁਲਾ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ’ਚ ਆਰਟੀਕਲ-370 ਦੀ ਬਹਾਲੀ ਲਈ ਸ਼ਾਂਤੀਪੂਰਵਕ ਲੜਾਂਗੇ। ਅਸੀਂ ਕਦੇ ਵੀ ਬੰਦੂਕ ਤੇ ਗ੍ਰੇਨੇਡ ਨਹੀਂ ਚੁੱਕੇ। ਅਸੀਂ ਹਿੰਸਾ ’ਚ ਵਿਸ਼ਵਾਸ ਨਹੀਂ ਕਰਦੇ ਹਾਂ। ਮੇਰਾ ਸੰਘਰਸ਼ ਸ਼ਾਂਤੀ ਨਾਲ ਚੱਲਦਾ ਰਹੇਗਾ। ਅਸੀਂ ਮਹਾਤਮਾ ਗਾਂਧੀ ਦਾ ਹਿੰਦੋਸਤਾਨ ਵਾਪਸ ਚਾਹੁੰਦੇ ਹਾਂ। ਸ਼ੇਰ-ਏ-ਕਸ਼ਮੀਰ ਭਵਨ ’ਚ ਇਕ ਦਿਨਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡਾ. ਫਾਰੂਕ ਨੇ ਕਿਹਾ ਕਿ 3 ਖੇਤੀ ਕਾਨੂੰਨਾਂ ਨੂੰ ਇਸ ਲਈ ਵਾਪਸ ਲਿਆ ਗਿਆ ਕਿਉਂਕਿ ਕੇਂਦਰ ਨੂੰ 5 ਸੂਬਿਆਂ ’ਚ ਚੋਣ ਹਾਰਨ ਦਾ ਡਰ ਸੀ। ਚਰਚਾ ਦੀ ਮੰਗ ਦੇ ਬਾਵਜੂਦ ਖੇਤੀ ਕਾਨੂੰਨਾਂ ਨੂੰ ਕਾਹਲੀ ’ਚ ਪਾਸ ਕੀਤਾ ਗਿਆ ਅਤੇ ਕਾਹਲੀ ’ਚ ਹੀ ਵਾਪਸ ਲਿਆ ਗਿਆ।

ਫਾਰੂਕ ਨੇ ਕਿਹਾ ਕਿ ਇਸ ਸੂਬੇ ਦੇ ਲੋਕਾਂ ਨੇ ਮਹਾਤਮਾ ਗਾਂਧੀ ਦੇ ਭਾਰਤ ਨੂੰ ਮਨਜ਼ੂਰ ਕੀਤਾ ਹੈ ਨਾ ਕਿ ਨਾਥੂਰਾਮ ਗੋਡਸੇ ਦੇ ਭਾਰਤ ਨੂੰ। ਨਫਰਤ ਅਤੇ ਫਿਰਕੂ ਸਿਆਸਤ ਦੇਸ਼ ਹਿੱਤ ’ਚ ਨਹੀਂ ਹੈ ਅਤੇ ਭਾਜਪਾ ਨੂੰ ਇਸ ਨੂੰ ਬਿਹਤਰ ਢੰਗ ਨਾਲ ਸਮਝਣਾ ਚਾਹੀਦਾ। ਅਸੀਂ ਦੇਸ਼ ਧ੍ਰੋਹੀ ਨਹੀਂ ਹਾਂ। ਉਨ੍ਹਾਂ ਕਿਹਾ ਕਿ ਭਾਰਤ ਸਾਰਿਆਂ ਦਾ ਹੈ, ਭਾਵੇ ਉਹ ਕਿਸੇ ਵੀ ਖੇਤਰ, ਧਰਮ ਜਾਂ ਜਾਤ ਦਾ ਹੋਵੇ। ਸੰਮੇਲਨ ’ਚ ਨੈਕਾਂ ਨੇ ਜੰਮੂ-ਕਸ਼ਮੀਰ ਦਾ ਪੂਰਨ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਸਤਾਵ ਵੀ ਪਾਸ ਕੀਤਾ।


author

Rakesh

Content Editor

Related News