ਸਾਨੂੰ ਨਿਤੀਸ਼ ਜੀ ਦੀ ਲੋੜ ਨਹੀਂ : ਰਾਹੁਲ
Wednesday, Jan 31, 2024 - 12:49 PM (IST)
ਪੂਰਨੀਆ, (ਭਾਸ਼ਾ)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਭਾਜਪਾ ਨਾਲ ਹੱਥ ਮਿਲਾਉਣ ਦੀ ਤਿੱਖੀ ਅਾਲੋਚਨਾ ਕਰਦਿਆਂ ਮੰਗਲਵਾਰ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਮਹਾਗਠਜੋੜ ਨਿਤੀਸ਼ ਕੁਮਾਰ ਤੋਂ ਬਿਨਾਂ ਹੀ ਬਿਹਾਰ ਵਿੱਚ ਆਰਥਿਕ ਅਤੇ ਸਮਾਜਿਕ ਪੱਖੋਂ ਕਮਜ਼ੋਰ ਵਰਗਾਂ ਲਈ ਸਮਾਜਿਕ ਨਿਆਂ ਲਈ ਲੜਾਈ ਲੜੇਗਾ। ਸਾਨੂੰ ਨਿਤੀਸ਼ ਜੀ ਦੀ ਲੋੜ ਨਹੀਂ।
ਰਾਹੁਲ ਗਾਂਧੀ ਨੇ ਇਹ ਗੱਲ ਪੂਰਨੀਆ ਦੇ ਰੰਗਭੂਮੀ ਮੈਦਾਨ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਲਈ ਲੜਦੇ ਰਹਾਂਗੇ। ਬਿਹਾਰ ਵਿੱਚ ਕਿਸਾਨ ਆਰਥਿਕ ਬੇਇਨਸਾਫ਼ੀ ਦਾ ਸ਼ਿਕਾਰ ਹਨ। ਦੇਸ਼ ਨੂੰ ਓ. ਬੀ. ਸੀ., ਦਲਿਤਾਂ, ਆਦਿਵਾਸੀਆਂ ਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੀ ਆਬਾਦੀ ਦੀ ਸਹੀ ਗਿਣਤੀ ਦਾ ਪਤਾ ਲਾਉਣ ਲਈ ‘ਐਕਸ-ਰੇ’ ਦੀ ਲੋੜ ਹੈ।
ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਿਹਾਰ ਵਿੱਚ ਰਾਹੁਲ ਗਾਂਧੀ ਦੀ ਇਹ ਪਹਿਲੀ ਵੱਡੀ ਰੈਲੀ ਸੀ।
ਬਿਹਾਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਨੇ ਕਿਹਾ ਕਿ ਮਲਿਕਾਰਜੁਨ ਖੜਗੇ ਦਾ ਹਵਾਈ ਜਹਾਜ਼ ਘੱਟ ਵਿਜ਼ੀਬਿਲਟੀ ਕਾਰਨ ਪੂਰਨੀਆ ਹਵਾਈ ਅੱਡੇ ’ਤੇ ਨਹੀਂ ਉਤਰ ਸਕਿਆ। ਖੜਗੇ ਨੇ ਇਕ ਵੀਡੀਓ ਸੰਦੇਸ਼ ਰਾਹੀਂ ਰੈਲੀ ਨੂੰ ਸੰਬੋਧਨ ਕੀਤਾ।