ਸਿਹਤ ਮਾਹਿਰ ਬੋਲੇ ਦੂਜੀ ਲਹਿਰ ਦੇ ਆਖਰੀ ਪੜਾਅ ’ਚ ਹਾਂ ਅਸੀਂ, ਤੀਸਰੀ ਲਹਿਰ ਦਾ ਅੰਦਾਜ਼ਾ ਲਾਉਣਾ ਔਖਾ

Saturday, Aug 07, 2021 - 10:59 AM (IST)

ਸਿਹਤ ਮਾਹਿਰ ਬੋਲੇ ਦੂਜੀ ਲਹਿਰ ਦੇ ਆਖਰੀ ਪੜਾਅ ’ਚ ਹਾਂ ਅਸੀਂ, ਤੀਸਰੀ ਲਹਿਰ ਦਾ ਅੰਦਾਜ਼ਾ ਲਾਉਣਾ ਔਖਾ

ਨੈਸ਼ਨਲ ਡੈਸਕ– ਸਿਹਤ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ’ਚ ਅਜੇ ਤਕ ਕੋਵਿਡ-19 ਦੀ ਤੀਜੀ ਲਹਿਰ ਨਹੀਂ ਆਈ ਹੈ। ਕੇਰਲ ਤੇ ਉੱਤਰ ਪੂਰਵ ਭਾਰਤ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਦੂਜੀ ਲਹਿਰ ਦੇ ਤਹਿਤ ਡੈਲਟਾ ਵੇਰੀਐਂਟ ਕਾਰਨ ਹੈ। ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਕੋਵਿਡ-19 ਦੀ ਤੀਸਰੀ ਲਹਿਰ ਅਜੇ ਤਕ ਭਾਰਤ ’ਚ ਨਹੀਂ ਆਈ ਹੈ ਤੇ ਕੇਰਲ ਤੇ ਉਤਰ ਪੂਰਵ ਭਾਰਤ ਵਰਗੇ ਕੁਝ ਖੇਤਰਾਂ ’ਚ ਮਾਮਲਿਆਂ ਦੀ ਵਧ ਰਹੀ ਗਿਣਤੀ ਡੈਲਟਾ ਸੰਸਕਰਣ ਵਲੋਂ ਸ਼ੁਰੂ ਕੀਤੀ ਗਈ ਦੂਸਰੀ ਲਹਿਰ ਦਾ ਹਿੱਸਾ ਹੈ।
ਸੀ.ਐੱਮ.ਆਈ.ਆਰ. ਇੰਸਟੀਚਿਊਟ ਇੰਸਟੀਚਿਊਟ ਆਫ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ ਦੇ ਨਿਰਦੇਸ਼ਕ ਅਨੁਰਾਗ ਅਗਰਵਾਲ ਦਾ ਕਹਿਣਾ ਹੈ ਕਿ ਭਾਰਤ ਅਜੇ ਦੂਜੀ ਲਹਿਰ ਦੇ ਅੰਤਿਮ ਪੜਾਅ ’ਚ ਹੈ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਉਤਰ ਪੂਰਵ ’ਚ ਬਾਅਦ ’ਚ ਪਹੁੰਚੀ ਤੇ ਕੇਰਲ ’ਚ ਹੌਲੀ-ਹੌਲੀ ਫੈਲ ਗਈ। ਅਗਰਵਾਲ ਨੇ ਕਿਹਾ ਕਿ ਕੇਰਲ ’ਚ ਹਾਲ ਹੀ ’ਚ ਚੋਣਾਂ ਦੌਰਾਨ ਹੋਈਆਂ ਵੱਡੀਆਂ ਜਨਤਕ ਮੀਟਿੰਗਾਂ ਨੂੰ ਦੂਜੀ ਲਹਿਰ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।

ਕੋਰੋਨਾ ਦੇ ਵਧਦੇ ਮਾਮਲੇ ਹਨ ਤੀਸਰੀ ਲਹਿਰ ਦੇ ਸੰਕੇਤ
ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ (ਪੀ.ਐੱਚ.ਐੱਫ.ਆਈ.) ਦੇ ਪ੍ਰਧਾਨ ਕੇ. ਸ਼੍ਰੀਨਾਥ ਰੈੱਡੀ ਨੇ ਕਿਹਾ ਕਿ ਹਸਪਤਾਲ ’ਚ ਭਰਤੀ ਹੋਣ ਦੀ ਦਰ ਮਹਾਮਾਰੀ ਦੀ ਸੰਭਾਵਿਤ ਤੀਸਰੀ ਲਹਿਰ ਦਾ ਸਭ ਤੋਂ ਮਹੱਤਵਪੂਰਨ ਸੰਕੇਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਤੀਜੀ ਲਹਿਰ ਦੇ ਤਿੰਨ ਸੰਕੇਤ ਹਨ, ਜਿਨ੍ਹਾਂ ’ਚ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ, ਮੌਤਾਂ ਤੇ ਹਸਪਤਾਲ ’ਚ ਭਰਤੀ ਮਰੀਜ਼।
ਰੈੱਡੀ ਨੇ ਕਿਹਾ ਕਿ ਹਸਪਤਾਲ ’ਚ ਭਰਤੀ ਹੋਣ ਵਾਲੇ ਮਰੀਜ਼ ਤਣਾਓ ਦਾ ਸੰਕੇਤ ਦਿੱਤੇ ਹਨ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਰਾਜਾਂ ’ਚ ਕੋਰੋਨਾ ਦੇ ਵਧਦੇ ਮਾਮਲੇ ਸੰਕੇਤ ਹਨ ਕਿ ਕਿੰਨੀ ਤੇਜ਼ੀ ਨਾਲ ਇਨਫੈਕਸ਼ਨ ਫੈਲ ਰਿਹਾ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਬਲਕਿ ਸਾਵਧਾਨੀ ਤੇ ਟੀਕਾਕਰਨ ਕਰਵਾਉਣ ਦੀ ਜ਼ਰੂਰਤ ਹੈ।

ਕੌਮਾਂਤਰੀ ਪੱਧਰ ’ਤੇ ਮਾਮਲਿਆਂ ’ਚ ਨਹੀਂ ਆਇਆ ਬਦਲਾਅ
ਵਿਗਿਆਨੀ ਗੌਤਮ ਮੈਨਨ ਨੇ ਵੀ ਸਹਿਮਤੀ ਜਤਾਈ ਕਿ ਅਜੇ ਮਹਾਮਾਰੀ ਨੂੰ ਤੀਸਰੀ ਲਹਿਰ ਐਲਾਨ ਕਰਨਾ ਜਲਦਬਾਜ਼ੀ ਹਵੇਗੀ ਪਰ ਵਧਦੇ ਮਾਮਲੇ ਚਿੰਤਾ ਦਾ ਕਾਰਨ ਹਨ। ਦਿੱਲੀ ਐੱਨ. ਸੀ. ਆਰ. ਸਥਿਤ ਸ਼ਿਵ ਨਾਦਰ ਯੂਨੀਵਰਸਿਟੀ ’ਚ ਪ੍ਰਕਿਰਤੀ ਵਿਗਿਆਨ ਸਕੂਲ ਦੇ ਡੀਨ ਸੰਜੀਵ ਗਲਾਂਡੇ ਦਾ ਮੰਨਣਾ ਹੈ ਕਿ ਇਹ ਤੀਜੀ ਲਹਿਰ ਦੀ ਸ਼ੁਰੂਆਤ ਹੈ ਜਾਂ ਨਹੀਂ ਇਸ ਦਾ ਪਹਿਲਾਂ ਅਨੁਮਾਨ ਲਾਉਣਾ ਅਜੇ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਕੋਈ ਸਹੀ ਬਦਲਾਅ ਨਹੀਂ ਆਇਆ ਹੈ। ਕੁਝ ਰਾਜਾਂ ’ਚ ਮਾਮੂਲੀ ਵਾਧਾ ਦੇਖਿਆ ਗਿਆ। ਅਜਿਹੇ ’ਚ ਤੀਜੀ ਲਹਿਰ ਬਾਰੇ ਪਹਿਲਾਂ ਅਨੁਮਾਨ ਲਾਉਣਾ ਅਜੇ ਜਲਦਬਾਜ਼ੀ ਹੋਵੇਗੀ।

ਮਹਾਮਾਰੀ ਨਾਲ ਨਿਪਟਣ ਲਈ ਤਿਆਰ ਰਹਿਣਾ ਪਵੇਗਾ
ਵਿਗਿਆਨੀਆਂ ਨੇ ਇਸ ਦੇ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਇਸ ਨੂੰ ਤੀਜੀ ਲਹਿਰ ਦੀ ਸ਼ੁਰੂਆਤ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਭਾਰਤ ’ਚ ਕੋਰੋਨਾ ਦੇ ਗ੍ਰਾਫ ਤੇ ਕੁਝ ਹਿੱਸਿਆਂ ’ਚ ਮਾਮਲਿਆਂ ਦੀ ਵਧਦੀ ਗਿਣਤੀ ’ਤੇ ਨਜ਼ਰ ਰੱਖਣ ਵਾਲੇ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਇ ਹ ਵੀ ਹੋ ਸਕਦਾ ਹੈ ਕਿ ਦੂਸਰੀ ਲਹਿਰ ਖਤਮ ਹੀ ਨਾ ਹੋਈ ਹੋਵੇ।
ਹਰਿਆਣਾ ਸਥਿਤ ਅਸ਼ੋਕ ਵਿਸ਼ਵ ਵਿਦਿਆਲਿਆ ’ਚ ਭੌਤਿਕ ਸ਼ਾਸਤਰ ਤੇ ਜੀਵ ਵਿਗਿਆਨ ਵਿਭਾਗ ਦੇ ਪ੍ਰੋ. ਗੌਤਮ ਮੈਨਨ ਨੇ ਕਿਹਾ ਕਿ ਉਦਾਹਰਣ ਲਈ ਉਤਰ ਪੂਰਵ ਰਾਜਾਂ ’ਚ ਮਾਮਲੇ ਘੱਟ ਪੱਧਰ ’ਤੇ ਨਹੀਂ ਪਾਏ ਗਏ, ਜਿਵੇਂ ਕਿ ਦਿੱਲੀ ਤੇ ਹੋਰ ਰਾਜਾਂ ’ਚ ਦੇਖਣ ਨੂੰ ਮਿਲੇ।
ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਸੰਭਵ ਹੈ ਕਿ ਅਸੀਂ ਦੂਜੀ ਲਹਿਰ ਦੀ ਨਿਰੰਤਰਤਾ ਨੂੰ ਦੇਖ ਰਹੇ ਹਾਂ। ਦਿੱਲੀ ਦੇ ਫਿਜ਼ੀਸ਼ੀਅਨ ਤੇ ਮਹਾਮਾਰੀ ਮਾਹਿਰ ਚੰਦਰਕਾਂਤ ਲਹਿਰੀਆ ਦਾ ਕਹਿਣਾ ਹੈ ਕਿ ਸਾਨੂੰ ਮਹਾਮਾਰੀ ਲਈ ਤਿਆਰ ਰਹਿਣਾ ਚਾਹੀਦਾ ਹੈ ਨਾ ਕਿ ਇਸ ਤੋਂ ਡਰਨਾ। ਇਹੀ ਸਮਾਂ ਹੈ ਕਿ ਲੋਕ ਮਾਸਕ ਪਾਉਣ ਤੇ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦੇ ਮਾਮਲੇ ਸੰਕੇਤ ਦੇ ਰਹੇ ਹਨ ਕਿ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। 


author

Rakesh

Content Editor

Related News