ਕਿਸਾਨ ਆਪਣੀ ਨਾਰਾਜ਼ਗੀ ਤਰਕ ਨਾਲ ਰੱਖਣ, ਸਰਕਾਰ ਕਰੇਗੀ ਹੱਲ : ਨਰੇਂਦਰ ਤੋਮਰ
Wednesday, Jun 09, 2021 - 05:33 PM (IST)
ਨਵੀਂ ਦਿੱਲੀ- ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਕਿਹਾ ਕਿ ਕਿਸਾਨ ਜਥੇਬੰਦੀਆਂ ਖੇਤੀ ਸੁਧਾਰ ਕਾਨੂੰਨਾਂ ਦੇ ਸੰਬੰਧ 'ਚ ਆਪਣੀ ਨਾਰਾਜ਼ਗੀ ਤਰਕ ਨਾਲ ਰੱਖਣ, ਸਰਕਾਰ ਉਸ ਦਾ ਹੱਲ ਕਰੇਗੀ। ਤੋਮਰ ਨੇ ਪੱਤਰਕਾਰ ਸੰਮੇਲਨ 'ਚ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਅੰਦੋਲਨਕਾਰੀ ਕਿਸਾਨ ਸੰਗਠਨ ਸਰਕਾਰ ਨਾਲ ਜਦੋਂ ਚਰਚਾ ਕਰਨਾ ਚਾਹੁਣਗੇ, ਉਦੋਂ ਗੱਲਬਾਤ ਕਰਨੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ 11ਵੇਂ ਦੌਰ ਦੀ ਗੱਲਬਾਤ ਹੋਈ, ਉਨ੍ਹਾਂ ਦੀ ਨਾਰਾਜ਼ਗੀ ਕੀ ਹੈ, ਉਸ ਦਾ ਜਵਾਬ ਨਾ ਤਾਂ ਸੰਸਦ 'ਚ ਦਿੱਤਾ ਗਿਆ ਅਤੇ ਨਾ ਹੀ ਕਿਸਾਨ ਜਥੇਬੰਦੀਆਂ ਨੇ ਦਿੱਤਾ। ਕਾਨੂੰਨਾਂ ਦੀਆਂ ਖਾਮੀਆਂ ਦਾ ਸਰਕਾਰ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਵਲੋਂ ਚਰਚਾ ਦੌਰਾਨ ਠੋਸ ਪ੍ਰਸਤਾਵ ਦਿੱਤਾ ਗਿਆ। ਖੇਤੀ ਸੁਧਾਰ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਰੱਖਿਆ ਗਿਆ ਹੈ। ਸਰਕਾਰ ਕਿਸਾਨਾਂ ਦੇ ਕਲਿਆਣ ਦੇ ਪ੍ਰਤੀ ਵਚਨਬੱਧ ਹੈ ਅਤੇ ਉਨ੍ਹਾਂ ਦਾ ਆਦਰ ਅਤੇ ਸਨਮਾਨ ਕਰਦੀ ਹੈ। ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹਨ। ਪਿਛਲੇ 7 ਸਾਲਾਂ ਦੌਰਾਨ ਕਿਸਾਨਾਂ ਦੀ ਆਮਦਨ ਵਧਾਉਣ ਲਈ ਬੇਮਿਸਾਲ ਫ਼ੈਸਲੇ ਕੀਤੇ ਗਏ ਹਨ।''
ਇਹ ਵੀ ਪੜ੍ਹੋ : ਖੇਤੀਬਾੜੀ ਕਾਨੂੰਨਾਂ ਤੋਂ ਇਲਾਵਾ ਹੋਰ ਮੁੱਦਿਆਂ 'ਤੇ ਗੱਲ ਕਰਨ ਨੂੰ ਤਿਆਰ ਹੈ ਸਰਕਾਰ : ਤੋਮਰ
ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਯਾਨੀ ਮੰਗਲਵਾਰ ਨੂੰ ਨਰੇਂਦਰ ਤੋਮਰ ਨੇ ਕਿਹਾ ਸੀ ਕਿ ਸਰਕਾਰ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਨਾਲ ਖੇਤੀ ਕਾਨੂੰਨਾਂ ਤੋਂ ਇਲਾਵਾ ਹੋਰ ਮੁੱਦਿਆਂ 'ਤੇ ਵੀ ਗੱਲ ਕਰਨ ਲਈ ਤਿਆਰ ਹੈ। ਦੂਜੇ ਪਾਸੇ ਅੰਦੋਲਨ ਕਰ ਰਹੇ ਕਿਸਾਨ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਹਨ। ਕਾਫ਼ੀ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕੋਰੋਨਾ ਦੀ ਦੂਜੀ ਲਹਿਰ 'ਚ ਵੀ ਕਿਸਾਨ ਪਿੱਛੇ ਨਹੀਂ ਹਟੇ।