ਅਸੀਂ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ, ਬੰਗਲਾਦੇਸ਼ ਹਿੰਸਾ ''ਤੇ ਬੀਐੱਸਐੱਫ ਦਾ ਬਿਆਨ
Sunday, Jul 21, 2024 - 08:54 PM (IST)
ਅਗਰਤਲਾ : ਸੀਮਾ ਸੁਰੱਖਿਆ ਬਲ (ਬੀ.ਐੱਸ.ਐਫ.) ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਚੱਲ ਰਹੀ ਅਸ਼ਾਂਤੀ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ 'ਹਾਈ ਅਲਰਟ' 'ਤੇ ਹੈ। ਇਕ ਉੱਚ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਆਂਢੀ ਦੇਸ਼ ਵਿੱਚ ਰਾਖਵਾਂਕਰਨ ਵਿਰੋਧੀ ਅੰਦੋਲਨ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਹਨ, ਜਿਸ ਦੇ ਕਾਰਨ ਸਰਕਾਰ ਨੂੰ ਅਸਥਿਰ ਸਥਿਤੀ ਨਾਲ ਨਿਪਟਣ ਦੇ ਲਈ 'ਕਰਫਿਊ' ਲਗਾਉਣ ਪਿਆ ਹੈ।
ਪਟੇਲ ਪੀਯੂਸ਼ ਪੁਰਸ਼ੋਤਮ ਦਾਸ ਇੰਸਪੈਕਟਰ ਜਨਰਲ ਬੀਐੱਸਐੱਫ, ਤ੍ਰਿਪੁਰਾ ਫਰੰਟੀਅਰ ਨੇ ਇਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਬੰਗਲਾਦੇਸ਼ ਵਿਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਬੀਐੱਸਐੱਫ ਲਈ ਵੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਾਨੂੰ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਅਸੀਂ ਹਾਲਾਤ ਨਾਲ ਪੂਰੀ ਤਰ੍ਹਾਂ ਨਾਲ ਜਾਣੂ ਹਾਂ ਤੇ ਅਸੀਂ ਸੁਰੱਖਿਆ ਵਧਾ ਦਿੱਤੀ ਹੈ, ਤਾਂਕਿ ਸਰਹੱਦ ਪਾਰ ਤੋਂ ਅਪਰਾਧਿਕ ਤੱਤ ਹਾਲਾਤ ਦਾ ਫਾਇਦਾ ਨਾ ਚੁੱਕ ਸਕਣ।
ਉਨ੍ਹਾਂ ਨੇ ਕਿਹਾ ਕਿ ਉੱਚ ਪੱਧਰੀ ਤਿਆਰੀਆਂ ਪੁਖਤਾ ਕਰਨ ਦੇ ਲਈ ਵੱਡੀ ਗਿਣਤੀ ਵਿਚ ਜਵਾਨਾਂ ਤੇ ਸਾਰੇ ਸੀਨੀਅਰ ਕਮਾਂਡਰਾਂ ਨੂੰ ਸਰਹੱਦ 'ਚੇ ਭੇਜ ਦਿੱਤਾ ਗਿਆ ਹੈ। ਦਾਸ ਨੇ ਕਿਹਾ ਕਿ ਵਰਤਮਾਨ ਵਿਚ ਪ੍ਰਮੁੱਖ ਚਿੰਤਾਵਾਂ ਵਿਚੋਂ ਇਕ ਬੰਗਲਾਦੇਸ਼ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਹੈ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤਕਰੀਬਨ 8000 ਹੈ ਤੇ ਉਨ੍ਹਾਂ ਵਿਚੋਂ ਵਧੇਰੇ ਮੈਡੀਕਲ ਕਾਲਜਾਂ ਦੇ ਬੱਚੇ ਹਨ। ਜ਼ਿਆਦਾਤਰ ਵਿਦਿਆਰਥੀ ਕੋਮਿਲਾ, ਬ੍ਰਮਾਣਬਾਰਿਆ ਤੇ ਢਾਕਾ ਦੇ ਮੈਡੀਕਲ ਕਾਲਜਾਂ ਵਿਚ ਪੜ੍ਹ ਰਹੇ ਹਨ ਤੇ ਕਈਆਂ ਨੇ ਤ੍ਰਿਪੁਰਾ ਰਾਹੀਂ ਭਾਰਤ ਵਿਚ ਦਾਖਲ ਹੋਣ ਦਾ ਬਦਲ ਚੁਣਿਆ ਹੈ।
ਬੰਗਲਾਦੇਸ਼ 'ਚ ਪੜ੍ਹ ਰਹੇ 66 ਨੇਪਾਲੀ ਵਿਦਿਆਰਥੀਆਂ ਸਮੇਤ ਕੁੱਲ 314 ਵਿਦਿਆਰਥੀ ਐਤਵਾਰ ਨੂੰ ਉੱਤਰ-ਪੂਰਬੀ ਰਾਜ ਦੀ ਸਰਹੱਦ ਰਾਹੀਂ ਭਾਰਤ ਆਏ ਸਨ, ਜਦਕਿ 379 ਵਿਦਿਆਰਥੀ 19 ਅਤੇ 20 ਜੁਲਾਈ ਨੂੰ ਗੁਆਂਢੀ ਦੇਸ਼ ਤੋਂ ਭਾਰਤ ਆਏ ਸਨ। ਹਿੰਸਾ ਪ੍ਰਭਾਵਿਤ ਬੰਗਲਾਦੇਸ਼ ਤੋਂ ਹੁਣ ਤੱਕ ਕੁੱਲ 693 ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇੰਸਪੈਕਟਰ ਜਨਰਲ ਨੇ ਵਿਦਿਆਰਥੀਆਂ ਨੂੰ ਕੱਢਣ ਵਿੱਚ ਸਹਿਯੋਗ ਲਈ ਬੀਜੀਬੀ (ਬਾਰਡਰ ਗਾਰਡਜ਼ ਬੰਗਲਾਦੇਸ਼) ਦਾ ਧੰਨਵਾਦ ਵੀ ਕੀਤਾ।
ਦਾਸ ਨੇ ਕਿਹਾ ਕਿਹਾ ਮੈਂ ਬੀਜੀਬੀ ਦਾ ਬਹੁਤ ਧੰਨਵਾਦੀ ਹਾਂ, ਜਿਸ ਨੇ ਮੌਜੂਦਾ ਕਾਨੂੰਨ-ਵਿਵਸਥਾ ਦੀ ਸਥਿਤੀ ਅਤੇ ਇਸਦੀ ਸਖਤ ਪ੍ਰਤੀਬੱਧਤਾ ਦੇ ਬਾਵਜੂਦ ਅਗਰਤਲਾ ਤੱਕ ਆਵਾਜਾਈ ਅਤੇ ਸੁਰੱਖਿਅਤ ਰਸਤਾ (ਵਿਦਿਆਰਥੀਆਂ ਨੂੰ) ਪ੍ਰਦਾਨ ਕਰਕੇ ਸਾਡੀ ਮਦਦ ਕੀਤੀ ਹੈ। ਇਹ ਸਭ ਸੁਚਾਰੂ ਅਤੇ ਬਹੁਤ ਹੀ ਪੇਸ਼ੇਵਰ ਢੰਗ ਨਾਲ ਕੀਤਾ ਗਿਆ ਸੀ। ਇਹ BSF ਅਤੇ BGB ਵਿਚਕਾਰ ਮੌਜੂਦ ਸਹਿਯੋਗ ਅਤੇ ਚੰਗੇ ਸਬੰਧਾਂ ਦਾ ਪ੍ਰਮਾਣ ਹੈ।