ਵਾਇਨਾਡ ਦੀ ਜਨਤਾ ਨੂੰ ਰਾਹੁਲ ਤੋਂ ਸਾਵਧਾਨ ਰਹਿਣ ਦੀ ਲੋੜ : ਸਮਰਿਤੀ ਇਰਾਨੀ

04/04/2019 11:07:05 AM

ਨਵੀਂ ਦਿੱਲੀ— ਵਾਇਨਾਡ ਸੀਟ ਤੋਂ ਵੀ ਚੋਣਾਂ ਲੜਨ ਦਾ ਐਲਾਨ ਕਰ ਚੁਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਸਮਰਿਤੀ ਇਰਾਨੀ ਨੇ ਤੰਜ਼ ਕੱਸਿਆ ਹੈ। ਇਰਾਨੀ ਨੇ ਵਾਇਨਾਡ ਦੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਰਾਹੁਲ 'ਤੇ ਅਮੇਠੀ 'ਚ ਕੋਈ ਵਿਕਾਸ ਕੰਮ ਨਾ ਕਰਨ ਦਾ ਦੋਸ਼ ਲਗਾਇਆ। ਦੱਸਣਯੋਗ ਹੈ ਕਿ ਵੀਰਵਾਰ ਨੂੰ ਰਾਹੁਲ ਗਾਂਧੀ ਵਾਇਨਾਡ ਸੀਟ ਤੋਂ ਨਾਮਜ਼ਦਗੀ ਪੱਰਤ ਦਾਖਲ ਕਰਨਗੇ। ਰਾਹੁਲ ਇਸ ਵਾਰ ਉੱਤਰ ਪ੍ਰਦੇਸ਼ 'ਚ ਆਪਣੀ ਰਵਾਇਤੀ ਸੀਟ ਅਮੇਠੀ ਤੋਂ ਇਲਾਵਾ ਵਾਇਨਾਡ ਤੋਂ ਵੀ ਚੋਣਾਂ ਲੜ ਰਹੇ ਹਨ। ਵਾਇਨਾਡ 'ਚ ਰਾਹੁਲ ਨੂੰ ਤੂਸ਼ਾਰ ਵੇਲਾਪੱਲੀ ਅਤੇ ਅਮੇਠੀ 'ਚ ਸਮਰਿਤੀ ਇਰਾਨੀ ਤੋਂ ਟੱਕਰ ਮਿਲਣ ਵਾਲੀ ਹੈ। ਭਾਜਪਾ ਨੇ ਭਾਰਤ ਧਰਮ ਜਨ ਸੈਨਾ (ਬੀ.ਡੀ.ਜੇ.ਐੱਸ.) ਦੇ ਪ੍ਰਧਾਨ ਤੂਸ਼ਾਰ ਵੇਲਾਪੱਲੀ ਨੂੰ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਵਿਰੁੱਧ ਟਿਕਟ ਦਿੱਤਾ ਹੈ। ਬੀ.ਡੀ.ਜੇ.ਐੱਸ. ਕੇਰਲ 'ਚ ਐੱਨ.ਡੀ.ਏ. ਦੀ ਸਹਿਯੋਗੀ ਹੈ ਅਤੇ ਇਸ ਵਾਰ ਕੇਰਲ ਦੀਆਂ 5 ਸੀਟਾਂ 'ਤੇ ਚੋਣਾਂ ਲੜ ਰਹੀ ਹੈ। ਉੱਥੇ ਹੀ ਸਮਰਿਤੀ 2014 'ਚ ਵੀ ਰਾਹੁਲ ਵਿਰੁੱਧ ਅਮੇਠੀ ਤੋਂ ਲੜ ਚੁਕੀ ਹੈ।

ਰਾਹੁਲ ਨੇ ਅਮੇਠੀ ਦੇ ਲੋਕਾਂ ਦਾ ਕੀਤਾ ਅਪਮਾਨ
ਅਮੇਠੀ 'ਚ ਪ੍ਰਚਾਰ 'ਚ ਲੱਗੀ ਸਮਰਿਤੀ ਵੀਰਵਾਰ ਨੂੰ ਹੀ ਉੱਥੇ 2 ਦਿਨਾ ਦੌਰੇ 'ਤੇ ਪਹੁੰਚੀ ਹੈ। ਉੱਥੇ ਉਸ ਨੇ ਰਾਹੁਲ 'ਤੇ ਹਮਲਾ ਬੋਲਿਆ। ਸਮਰਿਤੀ ਨੇ ਕਿਹਾ,''15 ਸਾਲ ਉਨ੍ਹਾਂ ਨੇ ਅਮੇਠੀ ਦੇ ਲੋਕਾਂ ਦੀ ਮਦਦ ਨਾਲ ਪਾਵਰ ਦਾ ਮਜ਼ਾ ਲਿਆ ਅਤੇ ਹੁਣ ਉਹ ਕਿਤੇ ਹੋਰ ਨਾਮਜ਼ਦਗੀ ਭਰਨ ਜਾ ਰਹੇ ਹਨ। ਇਹ ਅਮੇਠੀ ਦੇ ਲੋਕਾਂ ਦਾ ਅਪਮਾਨ ਹੈ ਅਤੇ ਇਸ ਨੂੰ ਇੱਥੋਂ ਦੇ ਲੋਕ ਸਹਿਣ ਨਹੀਂ ਕਰਨਗੇ।'' ਸਮਰਿਤੀ ਇੱਥੇ ਹੀ ਨਹੀਂ ਰੁਕੀ ਅਤੇ ਕਿਹਾ ਕਿ ਰਾਹੁਲ ਨੇ ਅਮੇਠੀ 'ਚ ਕੋਈ ਵਿਕਾਸ ਕੰਮ ਨਹੀਂ ਕੀਤਾ ਹੈ ਅਤੇ ਵਾਇਨਾਡ ਦੇ ਲੋਕਾਂ ਨੂੰ ਇੱਥੇ ਆ ਕੇ ਇਹ ਦੇਖਣਾ ਚਾਹੀਦਾ। ਉਸ ਨੇ ਕਿਹਾ ਕਿ ਵਾਇਨਾਡ ਦੀ ਜਨਤਾ ਨੂੰ ਰਾਹੁਲ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਸਮਰਿਤੀ ਨੇ ਰਾਹੁਲ ਨੂੰ 15 ਸਾਲ ਲਾਪਤਾ ਰਹਿਣ ਵਾਲਾ ਸੰਸਦ ਮੈਂਬਰ ਵੀ ਕਿਹਾ, ਜੋ ਅਮੇਠੀ ਦੀ ਜਨਤਾ ਦੇ ਮੋਢੇ 'ਤੇ ਚੜ੍ਹ ਕੇ ਸੰਸਦ ਮੈਂਬਰ ਬਣਿਆ ਅਤੇ ਹੁਣ ਉਨ੍ਹਾਂ ਨੂੰ ਧੋਖਾ ਕੇ ਦੂਜੀ ਜਗ੍ਹਾ ਜਾ ਰਹੇ ਹਨ।


DIsha

Content Editor

Related News