ਆਂਧਰਾ ਤੇ ਕਰਨਾਟਕ ਦੇ ਆਈ. ਟੀ. ਮੰਤਰੀਆਂ ’ਚ ਮੁੜ ਛਿੜੀ ਸ਼ਬਦੀ ਜੰਗ

Friday, Oct 17, 2025 - 11:36 PM (IST)

ਆਂਧਰਾ ਤੇ ਕਰਨਾਟਕ ਦੇ ਆਈ. ਟੀ. ਮੰਤਰੀਆਂ ’ਚ ਮੁੜ ਛਿੜੀ ਸ਼ਬਦੀ ਜੰਗ

ਅਮਰਾਵਤੀ, (ਭਾਸ਼ਾ)- ਆਂਧਰਾ ਪ੍ਰਦੇਸ਼ ਤੇ ਕਰਨਾਟਕ ਦੇ ਆਈ. ਟੀ. ਮੰਤਰੀ ਆਪਣੇ-ਆਪਣੇ ਸੂਬਿਆਂ ’ਚ ਨਿਵੇਸ਼ ਅਤੇ ਕਰਜ਼ੇ ਦੀ ਸਥਿਤੀ ਨੂੰ ਲੈ ਕੇ ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਸ਼ਬਦੀ ਜੰਗ ’ਚ ਉਲਝ ਗਏ ਹਨ। ਆਂਧਰਾ ਦੇ ਆਈ. ਟੀ. ਮੰਤਰੀ ਨਾਰਾ ਲੋਕੇਸ਼ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਸੀ ਕਿ ਉਹ ਕਹਿੰਦੇ ਹਨ ਕਿ ਆਂਧਰਾ ਦਾ ਭੋਜਨ ਮਸਾਲੇਦਾਰ ਹੈ।

ਅਜਿਹਾ ਲੱਗਦਾ ਹੈ ਕਿ ਸਾਡੇ ਕੁਝ ਨਿਵੇਸ਼ ਵੀ ਮਸਾਲੇਦਾਰ ਹਨ। ਸਾਡੇ ਕੁਝ ਗੁਆਂਢੀ ਪਹਿਲਾਂ ਹੀ ਪ੍ਰਭਾਵਿਤ ਹਨ! ਲੋਕੇਸ਼ ਨੇ ਇਹ ਵੀ ਕਿਹਾ ਕਿ ਭਾਰਤ ਦੇ ਉੱਭਰ ਰਹੇ ਸਭ ਤੋਂ ਨੌਜਵਾਨ ਸੂਬੇ ਨੂੰ ਸਭ ਤੋਂ ਵੱਧ ਨਿਵੇਸ਼ ਮਿਲਿਆ ਹੈ।

ਉਨ੍ਹਾਂ ਵਿਸ਼ਾਖਾਪਟਨਮ ’ਚ ਇਕ ਏ. ਆਈ. ਡਾਟਾ ਸੈਂਟਰ ਵਿਚ 15 ਬਿਲੀਅਨ ਡਾਲਰ ਨਿਵੇਸ਼ ਕਰਨ ਦੀ ਗੂਗਲ ਦੀ ਵਚਨਬੱਧਤਾ ਦਾ ਹਵਾਲਾ ਦਿੱਤਾ, ਜਿਸ ’ਤੇ ਨਵੀਂ ਦਿੱਲੀ ’ਚ ਦਸਤਖਤ ਕੀਤੇ ਗਏ ਸਨ।

ਗੁਆਂਢੀ ਕਰਨਾਟਕ ਦੇ ਆਈ. ਟੀ. ਮੰਤਰੀ ਪ੍ਰਿਯਾਂਕ ਖੜਗੇ ਨੇ ‘ਐਕਸ’ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਭੋਜਨ ਵਿਚ ਥੋੜ੍ਹਾ ਜਿਹਾ ਮਸਾਲਾ ਪਸੰਦ ਹੈ, ਪਰ ਜਿਵੇਂ ਪੋਸ਼ਣ ਵਿਗਿਆਨੀ ਸੰਤੁਲਿਤ ਖੁਰਾਕ ਦੀ ਸਿਫ਼ਾਰਸ਼ ਕਰਦੇ ਹਨ, ਅਰਥਸ਼ਾਸਤਰੀ ਵੀ ਸੰਤੁਲਿਤ ਬਜਟ ਦੀ ਵਕਾਲਤ ਕਰਦੇ ਹਨ। ਗੁਆਂਢੀ ਸੂਬੇ ਦੀਆਂ ਕੁੱਲ ਦੇਣਦਾਰੀਆਂ ਹੁਣ ਲਗਭਗ 10 ਲੱਖ ਕਰੋੜ ਰੁਪਏ ਤੱਕ ਪਹੁੰਚ ਗਈਆਂ ਹਨ।

ਕਾਂਗਰਸ ਸ਼ਾਸਿਤ ਕਰਨਾਟਕ ਦੇ ਆਈ. ਟੀ. ਮੰਤਰੀ ਨੇ ਕਿਹਾ ਕਿ ਐੱਨ. ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਆਂਧਰਾ ਪ੍ਰਦੇਸ਼ ਸਰਕਾਰ ਨੇ ਸਿਰਫ਼ ਇਕ ਸਾਲ ’ਚ 1.61 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।


author

Rakesh

Content Editor

Related News