ਜੰਗ ਦਰਮਿਆਨ ਵੀ ਇਜ਼ਰਾਈਲ ਲਈ ਕੰਮ ''ਚ ਜੁਟਿਆ ਕੇਰਲ ਦਾ ਇਕ ਸ਼ਹਿਰ
Thursday, Oct 19, 2023 - 01:26 PM (IST)
ਕੰਨੂਰ- ਇਜ਼ਰਾਈਲ ਅਤੇ ਹਮਾਸ ਵਿਚਾਲੇ ਜਾਰੀ ਜੰਗ ਨੂੰ ਲੈ ਕੇ ਕੇਰਲ ਵਿਚ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਵੱਖਰੀ-ਵੱਖਰੀ ਰਾਏ ਹੋ ਸਕਦੀ ਹੈ ਪਰ ਉੱਤਰੀ ਕੇਰਲ ਦੇ ਇਕ ਸ਼ਹਿਰ ਵਿਚ ਲੋਕਾਂ ਦਾ ਇਕ ਸਮੂਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਇਜ਼ਰਾਈਲ ਲਈ ਪੂਰੀ ਲਗਨ ਨਾਲ ਕੰਮ ਕਰ ਰਿਹਾ ਹੈ। ਕੰਨੂਰ ਵਿਚ ਇਕ ਸਥਾਨਕ ਪਹਿਰਾਵਾ ਇਕਾਈ ਦੇ ਸੈਂਕੜੇ ਦਰਜੀ ਪਿਛਲੇ 8 ਸਾਲਾਂ ਵਿਚ ਇਜ਼ਰਾਈਲ ਪੁਲਸ ਦੀ ਵਰਦੀ ਦੀ ਕਮੀਜ਼ਾਂ ਤਿਆਰ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਸਿਆਸੀ ਹਲ-ਚਲ ਤੋਂ ਦੂਰ ਕੰਨੂਰ ਹੈਂਡਲੂਮ ਅਤੇ ਟੈਕਸਟਾਈਲ ਐਕਸਪੋਰਟ ਦੀ ਆਪਣੀ ਗੌਰਵਸ਼ਾਲੀ ਪਰੰਪਰਾ ਲਈ ਵੀ ਜਾਣਿਆ ਜਾਂਦਾ ਹੈ।
ਹੈਂਡਲੂਮ ਕੰਪਨੀ 'ਮਰਯਾਨ ਅਪੈਰਲ ਪ੍ਰਾਈਵੇਟ ਲਿਮਟਿਡ' ਦੇ ਦਰਜੀ ਅਤੇ ਕਾਮੇ ਇਜ਼ਰਾਈਲ ਪੁਲਸ ਦੀ ਵਰਦੀ ਦੀ ਲੰਬੀਆਂ ਬਾਹਾਂ ਵਾਲੀ ਹਲਕੇ ਰੰਗ ਦੀ ਕਮੀਜ਼ ਤਿਆਰ ਕਰਦੇ ਹਨ। ਇਸ ਕੰਪਨੀ ਦੇ ਮਾਲਕ ਥਾਮਸ ਓਲੀਕਲ ਨੇ ਦੱਸਿਆ ਕਿ ਇਸ ਵੇਲੇ ਉਨ੍ਹਾਂ ਕੋਲ 1,500 ਤੋਂ ਵੱਧ ਸਿਖਲਾਈ ਪ੍ਰਾਪਤ ਕਾਮੇ ਕੰਮ ਕਰ ਰਹੇ ਹਨ। ਇਡੁੱਕੀ ਜ਼ਿਲ੍ਹੇ ਦੇ ਵਸਨੀਕ ਥਾਮਸ ਨੇ ਦੱਸਿਆ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਵੀ ਇਜ਼ਰਾਈਲੀ ਪੁਲਸ ਨੇ ਕੰਪਨੀ ਨਾਲ ਸੰਪਰਕ ਕੀਤਾ। ਇੰਨਾ ਹੀ ਨਹੀਂ ਹੋਰ ਵਰਦੀਆਂ ਤਿਆਰ ਕਰਨ ਲਈ ਵੀ ਵਾਧੂ ਕੰਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਪੁਲਸ ਨੇ ਇਸ ਸਾਲ ਨਵਾਂ ਉਤਪਾਦ ਤਿਆਰ ਕਰਨ ਦਾ ਕੰਮ ਦਿੱਤਾ ਹੈ ਅਤੇ ਪਹਿਲਾ ਬੈਚ ਦਸੰਬਰ ਤੱਕ ਭੇਜ ਦਿੱਤਾ ਜਾਵੇਗਾ।
ਥਾਮਸ ਨੇ ਦੱਸਿਆ ਕਿ ਇਜ਼ਰਾਈਲੀ ਪੁਲਸ ਨੇ ਆਪਣੀ ਪੁਲਸ ਸਿਖਲਾਈ ਲਈ ਕਾਰਗੋ ਪੈਂਟ ਅਤੇ ਕਮੀਜ਼ ਦੀ ਵਰਦੀ ਦਾ ਸੈੱਟ ਤਿਆਰ ਕਰਨ ਦਾ ਕੰਮ ਦਿੱਤਾ ਹੈ। ਫੈਬਰਿਕ ਦਾ ਉਤਪਾਦਨ ਚੱਲ ਰਿਹਾ ਹੈ ਅਤੇ ਅਸੀਂ ਨਵੰਬਰ ਦੇ ਅਖ਼ੀਰ ਜਾਂ ਦਸੰਬਰ ਦੀ ਸ਼ੁਰੂਆਤ ਤੱਕ ਸਿਲਾਈ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਪਿਛਲੇ 8 ਸਾਲਾਂ ਤੋਂ ਇਜ਼ਰਾਈਲੀ ਪੁਲਸ ਨੂੰ ਸਾਲਾਨਾ ਵਰਦੀਆਂ ਦੀ ਇਕ ਲੱਖ ਕਮੀਜ਼ ਸਪਲਾਈ ਕਰ ਰਹੇ ਹਾਂ। ਇਹ ਸੱਚਮੁੱਚ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਇਜ਼ਰਾਈਲ ਵਰਗੇ ਉੱਚ ਪੱਧਰੀ ਪੁਲਸ ਫੋਰਸ ਨੂੰ ਵਰਦੀਆਂ ਦੀ ਸਪਲਾਈ ਕਰ ਰਹੇ ਹਾਂ।