ਸੰਸਦ ''ਚ ਜੰਮੂ ਕਸ਼ਮੀਰ ਦੇ ਅਧਿਕਾਰਾਂ ਲਈ ਲੜਨ ਦਾ ਮੌਕਾ ਚਾਹੁੰਦਾ ਹਾਂ : ਉਮਰ ਅਬਦੁੱਲਾ
Monday, May 20, 2024 - 12:49 PM (IST)
ਬਾਰਾਮੂਲਾ (ਭਾਸ਼ਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ ਲੋਕ ਸਭਾ ਚੋਣਾਂ ਦੇ ਅਧੀਨ ਵੋਟਿੰਗ ਤੋਂ ਇਕ ਦਿਨ ਪਹਿਲੇ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਉਮਰ ਅਬਦੁੱਲਾ ਨੇ ਐਤਵਾਰ ਨੂੰ ਲੋਕਾਂ ਨੂੰ ਕਿਹਾ ਕਿ ਉਹ ਸੰਸਦ 'ਚ ਵੋਟਰਾਂ ਦਾ ਪ੍ਰਤੀਨਿਧੀਤੱਵ ਕਰਨ ਅਤੇ ਖ਼ਾਸ ਕਰ ਕੇ ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਖ਼ਿਲਾਫ਼ ਕੀਤੇ ਗਏ ਅਨਿਆਂ ਦਾ ਜਵਾਬ ਮੰਗਣ ਦਾ ਮੌਕਾ ਚਾਹੁੰਦੇ ਹਨ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ 'ਚ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਪਸੰਦ ਦਾ ਸੰਸਦ ਮੈਂਬਰ ਚੁਣਨ, ਨਾ ਕਿ ਦਿੱਲੀ ਅਤੇ ਏਜੰਸੀਆਂ ਦਾ ਪਸੰਦ ਦਾ। ਅਬਦੁੱਲਾ ਨੇ ਕਿਹਾ ਕਿ ਮੌਕਾ ਮਿਲਣ 'ਤੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਬਾਰੇ ਸੰਸਦ 'ਚ ਬੋਲਣਗੇ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਲੜਨਗੇ।
ਜੰਮੂ ਕਸ਼ਮੀਰ ਦੇ ਬਾਰਾਮੂਲਾ ਲੋਕ ਸਭਾ ਖੇਤਰ 'ਚ 17.37 ਲੱਖ ਤੋਂ ਵੱਧ ਵੋਟਰ ਸੋਮਵਾਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹਨ। ਸਾਲ 2019 'ਚ ਧਾਰਾ 370 ਰੱਦ ਹੋਣ ਦੇ ਬਾਅਦ ਹੋ ਰਹੀ ਪਹਿਲੀ ਵੱਡੀ ਰਾਜਨੀਤਕ ਲੜਾਈ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਚੋਣ ਮੈਦਾਨ 'ਚ ਖੜ੍ਹੇ 21 ਹੋਰ ਲੋਕਾਂ ਦੀ ਕਿਸਮਤ ਦਾ ਫ਼ੈਸਲਾ ਕਰੇਗੀ। ਅਬਦੁੱਲਾ ਨੇ ਸੰਖੇਪ ਸੰਦੇਸ਼ 'ਚ ਕਿਹਾ ਕਿ ਉਹ ਸਿਰਫ਼ ਰਾਜਨੀਤਕ ਨੇਤਾ ਵਜੋਂ ਨਹੀਂ ਸਗੋਂ ਲੋਕਾਂ ਦੇ ਭਰਾ, ਪੁੱਤ ਅਤੇ ਸਾਥੀ ਵਜੋਂ ਬੋਲ ਰਹੇ ਹਨ। ਉਨ੍ਹਾਂ ਨੇ ਵੋਟਰਾਂ ਨੂੰ 20 ਮਈ ਨੂੰ ਬਾਰਾਮੂਲਾ ਤੋਂ ਆਪਣਾ ਪ੍ਰਤੀਨਿਧੀ ਸਮਝਦਾਰੀ ਨਾਲ ਚੁਣਨ ਦੀ ਅਪੀਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8