ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਲਈ ਕਰਨਾ ਹੋਵੇਗਾ ਇੰਨਾ ਇੰਤਜ਼ਾਰ
Tuesday, Jun 16, 2020 - 06:14 PM (IST)
ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਤੋਂ ਪਹਿਲਾਂ ਇਸ ਲਈ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ।
ਦਿੱਲੀ ਕੌਮਾਂਤਰੀ ਹਵਾਈ ਅੱਡਾ ਵੱਲੋਂ ਆਯੋਜਿਤ ਇਕ ਵੈਬਿਨਾਰ 'ਚ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਇਸ ਬਾਰੇ ਇੱਕਲਾ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਫੈਸਲਾ ਨਹੀਂ ਕਰ ਸਕਦਾ। ਸੂਬਿਆਂ ਨੂੰ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਅਤੇ ਉਨ੍ਹਾਂ ਦੇ ਇਕਾਂਤਵਾਸ ਸੰਬੰਧੀ ਸੁਵਿਧਾਵਾਂ ਲਈ ਤਿਆਰ ਹੋਣਾ ਹੋਵੇਗਾ।
ਜੁਲਾਈ 'ਚ ਹੋ ਸਕਦਾ ਹੈ ਕੋਈ ਫੈਸਲਾ-
ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ''ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਜਾਂ ਨਾ ਕਰਨ ਬਾਰੇ ਕੋਈ ਫੈਸਲਾ ਅਗਲੇ ਮਹੀਨੇ ਕੀਤਾ ਜਾ ਸਕਦਾ ਹੈ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਇਕ ਵਾਰ ਸ਼ੁਰੂ ਕਰਨ ਤੋਂ ਬਾਅਦ ਸਾਨੂੰ ਦੁਬਾਰਾ ਇਸ ਨੂੰ ਬੰਦ ਨਾ ਕਰਨਾ ਪਵੇ। ਮੈਂ ਫਿਲਹਾਲ ਇਸ ਬਾਰੇ ਕੋਈ ਸਮਾਂ-ਸੀਮਾ ਨਿਰਧਾਰਤ ਨਹੀਂ ਕਰਨਾ ਚਾਹੁੰਦਾ ਕਿ ਕਦੋਂ ਤੱਕ ਕੌਮਾਂਤਰੀ ਉਡਾਣਾਂ ਸ਼ੁਰੂ ਹੋਣਗੀਆਂ।''
ਮੰਤਰੀ ਨੇ ਕਿਹਾ ਕਿ ਸਰਕਾਰ ਨੇ 25 ਮਈ ਤੋਂ ਇਕ-ਤਿਹਾਈ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਪਰ ਉਸ 'ਚ ਵੀ 70 ਫੀਸਦੀ ਉਡਾਣਾਂ ਦਾ ਸੰਚਾਲਨ ਹੋ ਰਿਹਾ ਹੈ। ਪਹਿਲਾਂ ਸਾਨੂੰ ਇਕ-ਤਿਹਾਈ ਦਾ ਟੀਚਾ ਪੂਰੀ ਤਰ੍ਹਾਂ ਹਾਸਲ ਕਰਨਾ ਹੋਵੇਗਾ। ਉਸ ਪਿੱਛੋਂ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦੇ 50 ਫੀਸਦੀ 'ਤੇ ਪਹੁੰਚਣ ਤੋਂ ਬਾਅਦ ਹੀ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਸੰਕਰਮਣ ਰੋਕਣ ਲਈ ਕੌਮਾਂਤਰੀ ਉਡਾਣਾਂ 'ਤੇ 22 ਮਾਰਚ ਅਤੇ ਘਰੇਲੂ ਉਡਾਣਾਂ 'ਤੇ 25 ਮਾਰਚ ਤੋਂ ਰੋਕ ਲਾ ਦਿੱਤੀ ਗਈ ਸੀ। ਉੱਥੇ ਹੀ, 25 ਮਈ ਤੋਂ ਘਰੇਲੂ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਪਰ ਕੌਮਾਂਤਰੀ ਉਡਾਣਾਂ ਹੁਣ ਵੀ ਬੰਦ ਹਨ।