ਜੰਮੂ-ਕਸ਼ਮੀਰ ਚੋਣਾਂ: ਦੂਜੇ ਪੜਾਅ ਲਈ ਸ਼ੁਰੂ ਹੋਈ ਵੋਟਿੰਗ

Wednesday, Sep 25, 2024 - 07:50 AM (IST)

ਜੰਮੂ-ਕਸ਼ਮੀਰ ਚੋਣਾਂ: ਦੂਜੇ ਪੜਾਅ ਲਈ ਸ਼ੁਰੂ ਹੋਈ ਵੋਟਿੰਗ

ਜੰਮੂ/ਸ਼੍ਰੀਨਗਰ (ਵਾਰਤਾ): ਜੰਮੂ-ਕਸ਼ਮੀਰ 'ਚ ਇਕ ਦਹਾਕੇ ਬਾਅਦ ਤਿੰਨ ਪੜਾਵਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਸਖ਼ਤ ਸੁਰੱਖਿਆ ਵਿਚਾਲੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਨੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਚੋਣ ਪ੍ਰਕਿਰਿਆ ਦੇ ਨਿਰਪੱਖ ਅਤੇ ਸ਼ਾਂਤੀਪੂਰਨ ਆਯੋਜਨ ਨੂੰ ਯਕੀਨੀ ਬਣਾਉਣ ਲਈ ਵਿਸਥਾਰਤ ਪ੍ਰਬੰਧ ਕੀਤੇ ਹਨ। ਸੂਬੇ ਦੀਆਂ ਕੁੱਲ 90 ਸੀਟਾਂ ਵਿਚੋਂ ਪਹਿਲੇ ਪੜਾਅ ਵਿਚ 24 ਸੀਟਾਂ ਲਈ 18 ਸਤੰਬਰ ਨੂੰ ਵੋਟਿੰਗ ਹੋਈ ਸੀ। ਪਹਿਲੇ ਪੜਾਅ 'ਚ 61.38 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਤੀਜੇ ਪੜਾਅ ਲਈ 40 ਸੀਟਾਂ ਲਈ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਦੂਜੇ ਪੜਾਅ ਦੀਆਂ 26 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਲਈ ਕੁੱਲ 239 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਮੁਲਕ 'ਚ ਭੇਜੇ ਜਾਣਗੇ ਪੰਜਾਬ ਦੇ ਅਧਿਆਪਕ, ਪੜ੍ਹੋ ਕੀ ਨੇ ਸ਼ਰਤਾਂ

ਇਨ੍ਹਾਂ ਵਿਚ ਜੰਮੂ ਦੇ ਤਿੰਨ ਜ਼ਿਲ੍ਹਿਆਂ ਰਿਆਸੀ, ਰਾਜੌਰੀ ਅਤੇ ਪੁੰਛ ਦੀਆਂ 11 ਸੀਟਾਂ ਅਤੇ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਸ੍ਰੀਨਗਰ, ਬਡਗਾਮ ਅਤੇ ਗੰਦਰਬਲ ਦੀਆਂ 15 ਸੀਟਾਂ ਸ਼ਾਮਲ ਹਨ। ਦੂਜੇ ਪੜਾਅ ਵਿਚ ਕੁੱਲ 239 ਉਮੀਦਵਾਰ ਮੈਦਾਨ ਵਿੱਚ ਹਨ। ਅੱਜ 25 ਲੱਖ ਵੋਟਰ 239 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ, ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ ਅਤੇ ਕਸ਼ਮੀਰ ਕਾਂਗਰਸ ਕਮੇਟੀ (ਜੇਕੇਪੀਸੀਸੀ) ਦੇ ਪ੍ਰਧਾਨ ਤਾਰਿਕ ਹਾਮਿਦ ਕਾਰਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਰਵਿੰਦਰ ਰੈਨਾ ਸ਼ਾਮਲ ਹਨ।

ਦੂਜੇ ਪੜਾਅ ਵਿਚ ਹੋਣ ਵਾਲੀਆਂ ਚੋਣਾਂ ਲਈ 3,502 ਪੋਲਿੰਗ ਸਟੇਸ਼ਨ ਬਣਾਏ ਹਨ। ਇਨ੍ਹਾਂ ਵਿਚੋਂ 1,056 ਪੋਲਿੰਗ ਸਟੇਸ਼ਨ ਸ਼ਹਿਰੀ ਖੇਤਰਾਂ ਅਤੇ 2,446 ਪੋਲਿੰਗ ਸਟੇਸ਼ਨ ਪੇਂਡੂ ਖੇਤਰਾਂ ਵਿਚ ਸਥਾਪਤ ਕੀਤੇ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਵੋਟਰਾਂ ਦੀ ਗਿਣਤੀ ਵਧਾਉਣ ਲਈ ਦੂਜੇ ਪੜਾਅ ਲਈ 157 ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿਚ 26 'ਪਿੰਕ ਪੋਲਿੰਗ ਸਟੇਸ਼ਨ' ਸ਼ਾਮਲ ਹਨ ਜੋ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਦੁਆਰਾ ਪ੍ਰਬੰਧਿਤ ਕੀਤੇ ਜਾਣਗੇ। 2 ਪੜਾਵਾਂ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਤੀਜੇ ਪੜਾਅ ਦੀਆਂ 40 ਸੀਟਾਂ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ’ਚ ਹੁਣ ਆਖਰੀ ਪੜਾਅ ਦੀ ਵੋਟਿੰਗ 1 ਅਕਤੂਬਰ ਨੂੰ ਹੋਣੀ ਹੈ। 

ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੇ ਸਖ਼ਤ ਹੁਕਮ!

ਇਸ ਦੇ ਨਾਲ ਹੀ ਤੀਜੇ ਪੜਾਅ ’ਚ ਭਾਜਪਾ ਦੇ ਸਟਾਰ ਪ੍ਰਚਾਰਕਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਪੱਖ ਵਿਚ ਪ੍ਰਚਾਰ ਕਰਨ ਲਈ ਜੰਮੂ ਆਉਣਗੇ। ਅੱਜ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪੁਲਸ ਵਲੋਂ ਸੁਰੱਖਿਆਂ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਾਰਟੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 28 ਸਤੰਬਰ ਨੂੰ ਜੰਮੂ ਦੇ ਐੱਮ. ਏ. ਸਟੇਡੀਅਮ ਵਿਚ ਚੋਣ ਰੈਲੀ ਹੋਵੇਗੀ। ਇਸ ਦੇ ਨਾਲ ਹੀ 26 ਸਤੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਡਿਵੀਜ਼ਨ ਵਿਚ 4 ਚੋਣ ਰੈਲੀਆਂ ਕਰਨਗੇ। ਕਾਂਗਰਸ ਨੇਤਾ ਰਾਹੁਲ ਗਾਂਧੀ 25 ਸਤੰਬਰ ਨੂੰ ਜੰਮੂ ’ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਤੀਜੇ ਪੜਾਅ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਜੰਮੂ ਵਿਚ ਇਕ ਰੈਲੀ ਨੂੰ ਸੰਬੋਧਨ ਕਰਨਗੇ।

ਪਹਿਲੇ ਪੜਾਅ 'ਚ ਹੋਈ ਸੀ 61.38 ਫ਼ੀਸਦੀ ਵੋਟਿੰਗ

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 18 ਸਤੰਬਰ ਨੂੰ ਵੋਟਿੰਗ ਹੋਈ ਸੀ ਅਤੇ ਇਸ ਦੌਰਾਨ 61.38 ਫ਼ੀਸਦੀ ਵੋਟਿੰਗ ਹੋਈ ਸੀ। ਇਸ ਵਿਚ ਪੁਰਸ਼ਾਂ ਦੀ ਵੋਟਿੰਗ 63.75 ਫ਼ੀਸਦੀ, ਔਰਤਾਂ ਦੀ ਵੋਟਿੰਗ 58.96 ਫ਼ੀਸਦੀ ਅਤੇ ਤੀਜੇ ਲਿੰਗ ਦੀ ਵੋਟਿੰਗ 40 ਫ਼ੀਸਦੀ ਦਰਜ ਕੀਤੀ ਗਈ। ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਰਹਿ ਰਹੇ ਵਿਸਥਾਪਿਤ ਕਸ਼ਮੀਰੀ ਪੰਡਤਾਂ ਵੱਲੋਂ ਵੀ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News