''ਰਾਮ''-''ਮੀਰਾ'' ਆਹਮੋ-ਸਾਹਮਣੇ, ਰਾਸ਼ਟਰਪਤੀ ਚੋਣ ਲਈ ਵੋਟਾਂ ਪੈਣਗੀਆਂ ਅੱਜ
Monday, Jul 17, 2017 - 12:12 AM (IST)
ਨਵੀਂ ਦਿੱਲੀ— ਦੇਸ਼ ਦੇ ਸਰਵਉਚ ਸੰਵਿਧਾਨਕ ਅਹੁਦੇ ਲਈ ਸੋਮਵਾਰ ਨੂੰ ਹੋਣ ਵਾਲੀ ਚੋਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ, ਜਿਸ ਵਿਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਦਰਮਿਆਨ ਸਿੱਧਾ ਮੁਕਾਬਲਾ ਹੈ।
ਰਾਸ਼ਟਰਪਤੀ ਚੋਣ ਦੇ ਨਿਰਵਾਚਕ ਮੰਡਲ ਵਿਚ ਵੱਖ-ਵੱਖ ਪਾਰਟੀਆਂ ਦੀ ਸਥਿਤੀ ਦੇਖੀ ਜਾਵੇ ਤਾਂ ਵਿਰੋਧੀ ਧਿਰ ਦੀ 'ਮੀਰਾ' ਉਤੇ ਰਾਜਗ ਉਮੀਦਵਾਰ 'ਰਾਮ' (ਨਾਥ) ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਸ਼੍ਰੀ ਕੋਵਿੰਦ ਨੂੰ ਸੱਤਾਧਾਰੀ ਰਾਜਗ ਦੇ ਨਾਲ-ਨਾਲ ਜਨਤਾ ਦਲ (ਯੂ), ਬੀਜੂ ਜਨਤਾ ਦਲ (ਬੀਜਦ), ਅਨਾਦਰਮੁਕ, ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਸਣੇ ਕਈ ਛੋਟੀਆਂ ਪਾਰਟੀਆਂ ਦਾ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਜਦ ਕਿ ਸ਼੍ਰੀਮਤੀ ਕੁਮਾਰ ਨੂੰ ਕਾਂਗਰਸ ਦੇ ਇਲਾਵਾ 16 ਹੋਰ ਪਾਰਟੀਆਂ ਦਾ ਸਮਰਥਨ ਮਿਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪ੍ਰਤੱਖ ਫੈਸਲੇ ਵਿਚ ਦਲਿਤ ਭਾਈਚਾਰੇ ਦੇ ਆਗੂ ਅਤੇ ਬਿਹਾਰ ਦੇ ਸਾਬਕਾ ਰਾਜਪਾਲ ਸ਼੍ਰੀ ਕੋਵਿੰਦ ਦੇ ਨਾਂ ਦਾ ਐਲਾਨ ਕੀਤਾ ਤਾਂ ਵਿਰੋਧੀ ਧਿਰ ਨੇ ਵੀ ਇਸੇ ਭਾਈਚਾਰੇ ਦਾ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਅਤੇ ਸ਼੍ਰੀਮਤੀ ਕੁਮਾਰ ਦੇ ਨਾਂ 'ਤੇ ਸਹਿਮਤੀ ਬਣੀ। ਸ਼੍ਰੀ ਕੋਵਿੰਦ ਨੂੰ ਉਮੀਦਵਾਰ ਬਣਾ ਕੇ ਸ਼੍ਰੀ ਮੋਦੀ ਨੇ ਵਿਰੋਧੀ ਧਿਰ ਵਿਚ ਵੀ ਤਰੇੜ ਪੈਦਾ ਕਰ ਦਿੱਤੀ। ਬਿਹਾਰ ਵਿਚ ਮਹਾਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਜਨਤਾ ਦਲ (ਯੂ) ਨੇ ਸ਼੍ਰੀ ਕੋਵਿੰਦ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ। ਰਾਸ਼ਟਰਪਤੀ ਚੋਣ ਲਈ ਸੰਸਦ ਭਵਨ ਦੇ ਇਲਾਵਾ ਸਾਰੇ ਸੂਬਿਆਂ ਦੇ ਵਿਧਾਨ ਮੰਡਲਾਂ ਵਿਚ ਵੋਟਾਂ ਸਵੇਰੇ 10 ਤੋਂ ਸ਼ਾਮ 7 ਵਜੇ ਤਕ ਪੈਣਗੀਆਂ। ਸੰਸਦ ਦੇ ਹਾਲ ਨੰਬਰ 62 ਵਿਚ ਵੋਟਾਂ ਪੈਣਗੀਆਂ। ਸੂਬਿਆਂ ਵਿਚ ਵੀ ਚੋਣ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਵਿਧਾਨ ਕੌਂਸਲਰਾਂ ਦੇ ਵੋਟ ਪੇਪਰ ਗੁਲਾਬੀ ਰੰਗ ਦੇ ਹਨ। ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਨਵੇਂ ਚੁਣੇ ਰਾਸ਼ਟਰਪਤੀ 25 ਜੁਲਾਈ ਨੂੰ ਆਪਣਾ ਅਹੁਦਾ ਸੰਭਾਲਣਗੇ। ਰਾਸ਼ਟਰਪਤੀ ਦੀ ਚੋਣ 'ਇਲੈਕਟੋਰਲ ਕਾਲੇਜ' ਵਲੋਂ ਕੀਤੀ ਜਾਂਦੀ ਹੈ ਜਿਸ ਵਿਚ ਦੇਸ਼ ਦੇ ਸੰਸਦ ਮੈਂਬਰ ਅਤੇ ਵਿਧਾਇਕ ਵੋਟਾਂ ਪਾਉੁਂਦੇ ਹਨ। ਰਾਸ਼ਟਰਪਤੀ ਚੋਣਾਂ ਵਿਚ ਕੁਲ ਵੋਟਾਂ ਦੇ 48 ਫੀਸਦੀ ਵੋਟ ਰਾਜਗ ਕੋਲ ਹਨ। ਇਨ੍ਹਾਂ ਵਿਚੋਂ 40 ਫੀਸਦੀ ਵੋਟਾਂ ਕੇਵਲ ਭਾਜਪਾ ਦੀਆਂ ਹਨ। ਦੂਸਰੇ ਪਾਸੇ ਅਨਾਦਰਮੁਕ ਦੀਆਂ 5 ਫੀਸਦੀ, ਬੀਜਦ ਦੀਆਂ 3 ਫੀਸਦੀ, ਟੀ. ਆਰ. ਐੱਸ. ਦੀਆਂ 2 ਫੀਸਦੀ, ਜਦ (ਯੂ) ਦੀਆਂ 2 ਫੀਸਦੀ ਤੋਂ ਘੱਟ ਅਤੇ ਵਾਈ. ਐੱਸ. ਆਰ. ਕਾਂਗਰਸ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੋਹਾਂ ਦੀਆਂ ਮਿਲਾ ਕੇ 2 ਫੀਸਦੀ ਵੋਟਾਂ ਹਨ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ 14 ਫੀਸਦੀ ਵੋਟਾਂ ਹਨ।
ਇਨ੍ਹਾਂ ਪਾਰਟੀਆਂ ਨੇ ਵੀ ਰਾਜਗ ਉਮੀਦਵਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਅਜਿਹੇ ਵਿਚ ਕੋਵਿੰਦ ਦੇ ਪੱਖ ਵਿਚ 62 ਫੀਸਦੀ ਤੋਂ ਵੱਧ ਵੋਟਾਂ ਹਨ ਜਦ ਕਿ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਕੋਲ ਮਹਿਜ 34 ਫੀਸਦੀ ਵੋਟਾਂ ਹਨ। ਰਾਸ਼ਟਰਪਤੀ ਚੋਣ ਵਿਚ ਕੁਲ ਵੋਟਾਂ 10,98,903 ਹਨ। ਇਨ੍ਹਾਂ ਵੋਟਾਂ ਵਿਚ 5,49,408 ਸੰਸਦ ਮੈਂਬਰਾਂ ਦੀਆਂ ਅਤੇ 5,49,495 ਵਿਧਾਇਕਾਂ ਦੀਆਂ ਵੋਟਾਂ ਹਨ।
ਆਪਣੀਆਂ ਸੂਬਾ ਵਿਧਾਨ ਸਭਾ ਵਿਚ ਵੋਟਾਂ ਪਾਉਣਗੇ 55 ਸੰਸਦ ਮੈਂਬਰ
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਸਣੇ 55 ਸੰਸਦ ਮੈਂਬਰ ਕਲ ਰਾਸ਼ਟਰਪਤੀ ਚੋਣਾਂ ਵਿਚ ਸੰਸਦ ਭਵਨ ਦੀ ਬਜਾਏ ਆਪਣੀਆਂ ਸੂਬਾ ਵਿਧਾਨ ਸਭਾਵਾਂ ਵਿਚ ਵੋਟਾਂ ਪਾਉਣਗੇ। 5 ਵਿਧਾਇਕ ਆਪਣੀ ਵੋਟ ਸੰਸਦ ਭਵਨ ਵਿਚ ਅਤੇ 4 ਹੋਰ ਵਿਧਾਇਕ ਆਪਣੀ ਵੋਟ ਅਜਿਹੀਆਂ ਸੂਬਾ ਵਿਧਾਨ ਸਭਾ ਵਿਚ ਪਾਉਣਗੇ ਜਿਥੋਂ ਉਹ ਚੁਣੇ ਨਹੀਂ ਗਏ। ਚੋਣ ਕਮਿਸ਼ਨ ਦੇ ਦਸਤਾਵੇਜ਼ ਅਨੁਸਾਰ ਉਸ ਨੇ 14 ਰਾਜ ਸਭਾ ਅਤੇ 41 ਲੋਕ ਸਭਾ ਮੈਂਬਰਾਂ ਨੂੰ ਕਲ ਸੰਸਦ ਭਵਨ ਦੀ ਬਜਾਏ ਸੂਬਾ ਵਿਧਾਨ ਸਭਾਵਾਂ ਵਿਚ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਹੈ।
