ਉੱਪ ਚੋਣਾਂ : ਮੱਧ ਪ੍ਰਦੇਸ਼ ਦੇ ਮੁੰਗਾਵਲੀ 'ਚ 77% ਤੇ ਕੋਲਾਰਸ 'ਚ 70.40 % ਹੋਈ ਵੋਟਿੰਗ

Saturday, Feb 24, 2018 - 08:08 PM (IST)

ਭੋਪਾਲ—ਮੱਧ ਪ੍ਰਦੇਸ਼ ਦੀਆਂ 2 ਵਿਧਾਨ ਸਭਾ ਸੀਟਾਂ ਮੁੰਗਾਵਲੀ, ਕੋਲਾਰਸ ਅਤੇ ਓਡੀਸ਼ਾ ਦੀ ਇਕ ਸੀਟ ਬਿਜੇਪੁਰ 'ਤੇ ਹੋ ਰਹੀਆ ਉਪ ਚੋਣਾਂ ਲਈ ਅੱਜ ਵੋਟਿੰਗ ਹੋਈ। ਮੱਧ ਪ੍ਰਦੇਸ਼ 'ਚ ਸ਼ਿਵਪੁਰੀ ਜਿਲੇ ਦੇ ਕੋਲਾਰਸ ਅਤੇ ਅਸ਼ੋਕਨਗਰ ਜ਼ਿਲੇ ਦੇ ਮੁੰਗਾਵਲੀ ਵਿਧਾਨਸਭਾ ਖੇਤਰ ਦੀਆਂ ਉਪਚੋਣਾਂ ਲਈ ਵੋਟਿੰਗ ਅੱਜ ਖਤਮ ਹੋ ਗਈ ਹੈ। ਵੋਟਿੰਗ ਦੌਰਾਨ ਲੋਕਾਂ 'ਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਕੋਲਾਰਸ 'ਚ 77.40 ਫੀਸਦੀ ਵੋਟਿੰਗ ਹੋਈ ਅਤੇ ਮੁੰਗਾਵਲੀ 'ਚ ਵੋਟਿੰਗ 77.05 ਫੀਸਦੀ ਦਰਜ ਕੀਤੀ ਗਈ ਹੈ।

ਦੁਪਹਿਰ ਇਕ ਵਜੇ ਤੱਕ ਮੁੰਗਾਵਲੀ 'ਚ 47.01 ਫੀਸਦੀ ਅਤੇ ਕੋਲਾਰਸ 'ਚ 44.84 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਕੋਲਾਰਸ 'ਚ ਵੋਟ ਪਾਉਣ ਲਈ ਲਾਈਨ 'ਚ ਲੱਗੇ ਲੋਕਾਂ ਨੇ ਈ.ਵੀ.ਐੱਮ. ਖਰਾਬੀ ਕਾਰਨ ਘੰਟਿਆਂ ਤੱਕ ਇੰਤਜ਼ਾਰ ਕਰਨ ਦੀ ਗੱਲ ਵੀ ਕਹੀ ਹੈ। ਕੋਲਾਰਸ ਦੇ ਬੂਥ ਨੰਬਰ 57 'ਤੇ ਈ.ਵੀ.ਐੱਮ. 'ਚ ਤਕਨੀਕੀ ਖਰਾਬੀ ਕਾਰਨ ਲੋਕਾਂ ਨੂੰ ਵੋਟ ਪਾਉਣ ਲਈ ਲੰਬਾ ਇੰਤਜ਼ਾਰ ਕਰਨਾ ਪਿਆ। ਦੂਜੇ ਪਾਸੇ ਕੋਲਾਰਸ 'ਚ ਦਿਗੋਦ ਪਿੰਡ 'ਚ ਵੋਟ ਕੇਂਦਰ 'ਤੇ ਵੋਟਰਾਂ ਦਰਮਿਆਨ ਝੜਪ ਹੋ ਗਈ। ਪੁਲਸ ਦੇ ਸਮਝਾਉਣ 'ਤੇ ਫਿਰ ਤੋਂ ਵੋਟਿੰਗ ਸ਼ੁਰੂ ਹੋ ਸਕੀ। ਕੋਲਾਰਸ 'ਚ ਤਾਂ ਕਾਂਗਰਸ ਨੇ ਵੋਟ ਕੇਂਦਰਾਂ 'ਤੇ ਫੋਟੋ ਅਤੇ ਚਿੰਨ੍ਹ ਲੱਗੀ ਹੋਈਆਂ ਪਰਚੀਆਂ ਵੰਡਣ ਦਾ ਭਾਜਪਾ 'ਤੇ ਦੋਸ਼ ਲਗਾਇਆ। 
ਜ਼ਿਕਰਯੋਗ ਹੈ ਕਿ ਇਨ੍ਹਾਂ 2 ਸੀਟਾਂ ਦੀਆਂ ਚੋਣਾਂ ਭਾਜਪਾ ਅਤੇ ਕਾਂਗਰਸ ਦੋਹਾਂ ਲਈ ਮਾਣ ਦਾ ਸਵਾਲ ਬਣਿਆ ਹੋਇਆ ਹੈ। ਇਕ ਪਾਸੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤਾਂ ਦੂਜੇ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਜੋਤੀਰਾਦਿੱਤਿਯ ਸਿੰਧੀਆ ਨੇ ਪੂਰੀ ਤਾਕਤ ਲਗਾ ਦਿੱਤੀ ਹੈ। ਇਹ ਦੋਵੇਂ ਵਿਧਾਨ ਸਭਾ ਖੇਤਰ ਸਿੰਧੀਆ ਦੇ ਲੋਕ ਸਭਾ ਖੇਤਰ ਦੇ ਅਧੀਨ ਆਉਂਦੇ ਹਨ। 2013 ਦੀਆਂ ਚੋਣਾਂ 'ਚ ਦੋਹਾਂ ਸੀਟਾਂ 'ਤੇ ਕਾਂਗਰਸ ਦੀ ਜਿੱਤ ਹੋਈ ਸੀ। ਅਜਿਹੇ 'ਚ ਸੱਤਾ 'ਚ ਵਾਪਸੀ ਦਾ ਸੁਪਨਾ ਦੇਖ ਰਹੀ ਕਾਂਗਰਸ ਇਨ੍ਹਾਂ ਸੀਟਾਂ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੇਗੀ। ਇਸ ਤੋਂ ਪਹਿਲਾਂ ਕਾਂਗਰਸ ਨੇ ਕੋਲਾਰਸ 'ਚ ਭਿੰਡ ਤੋਂ ਭਾਜਪਾ ਵਿਧਾਇਕ ਨਰੇਂਦਰ ਕੁਸ਼ਵਾਹਾ 'ਤੇ ਪੈਸੇ ਵੰਡਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦੀ ਗੱਡੀ ਫੜੀ ਗਈ ਅਤੇ ਮੁਕੱਦਮਾ ਵੀ ਦਰਜ ਕੀਤਾ ਗਿਆ। ਦੂਜੇ ਪਾਸੇ ਭਾਜਪਾ ਨੇ ਮੁੰਗਾਵਲੀ ਤੋਂ ਕਾਂਗਰਸ ਦੇ ਉਮੀਦਵਾਰ ਬ੍ਰਜੇਂਦਰ ਯਾਦਵ 'ਤੇ ਪੈਸੇ ਵੰਡਣ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ। ਹਾਲਾਂਕਿ ਅਸ਼ੋਕ ਨਗਰ ਕਲੈਕਟਰ ਨੇ ਇਸ ਦੋਸ਼ ਨੂੰ ਸਹੀ ਨਹੀਂ ਪਾਇਆ। ਕੋਲਾਰਸ 'ਚ ਇਕ ਥਾਣਾ ਮੁਖੀ ਨੇ ਕਾਂਗਰਸ ਉਮੀਦਵਾਰ ਨੂੰ ਕੁੱਟ ਕੇ ਖੂਨ ਨਾਲ ਲੱਥਪੱਥ ਕਰ ਦਿੱਤਾ, ਜਿਸ ਤੋਂ ਬਾਅਦ ਥਾਣਾ ਮੁਖੀ ਨੂੰ ਸਸਪੈਂਡ ਕਰ ਦਿੱਤਾ ਗਿਆ। ਦੂਜੇ ਪਾਸੇ ਸਾਗਰ ਤੋਂ ਭਾਜਪਾ ਵਿਧਾਇਕ ਸ਼ੈਲੇਂਦਰ ਜੈਨ ਸ਼ਨੀਵਾਰ ਨੂੰ ਮੁੰਗਾਵਲੀ 'ਚ ਘੁੰਮਦੇ ਪਾਏ ਗਏ। ਉਨ੍ਹਾਂ ਨੂੰ ਪੁਲਸ ਨੇ ਮੁੰਗਾਵਲੀ ਦੀ ਸੀਮਾ ਤੋਂ ਬਾਹਰ ਕੱਢ ਦਿੱਤਾ।
ਓਡੀਸ਼ਾ 'ਚ ਵੀ ਵੋਟਿੰਗ
ਓਡੀਸ਼ਆ ਦੀ ਇਕ ਵਿਧਾਨ ਸਭਾ ਸੀਟ ਬਿਜੇਪੁਰ 'ਤੇ ਵੀ ਉੱਪ ਚੋਣਾਂ ਦੀ ਵੋਟਿੰਗ ਜਾਰੀ ਹੈ। ਜਿੱਥੇ ਮੱਧ ਪ੍ਰਦੇਸ਼ 'ਚ 2 ਕਾਂਗਰਸ ਵਿਧਾਇਕਾਂ ਮਹੇਂਦਰ ਸਿੰਘ ਕਾਲੂਖੇੜਾ (ਮੁੰਗਾਵਲੀ) ਅਤੇ ਰਾਮ ਸਿੰਘ ਯਾਦਵ (ਕੋਲਾਰਸ) ਦੀ ਮੌਤ ਤੋਂ ਬਾਅਦ ਇਹ ਸੀਟਾਂ ਖਾਲੀ ਹੋਈਆਂ, ਉੱਥੇ ਓਡੀਸ਼ਾ ਦੀ ਬਿਜੇਪੁਰ ਸੀਟ ਤੋਂ ਕਾਂਗਰਸ ਵਿਧਾਇਕ ਸੁਬਲ ਸਾਹੂ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਸਵੇਰੇ ਸਾਹੂ ਦੀ ਪਤਨੀ ਹੁਣ ਸੱਤਾਧਾਰੀ ਬੀ.ਜੇ.ਡੀ. ਵੱਲੋਂ ਚੋਣਾਂ ਲੜ ਰਹੀ ਹੈ। ਓਡੀਸ਼ਾ ਦੀ ਬਿਜੇਪੁਰ ਸੀਟ 'ਤੇ ਮੁਕਾਬਲਾ ਬੀ.ਜੇ.ਡੀ. ਦੀ ਰੀਤਾ ਸਾਹੂ, ਭਾਜਪਾ ਦੇ ਅਸ਼ੋਕ ਪਾਣਿਗ੍ਰਹਿ ਅਤੇ ਕਾਂਗਰਸ ਦੇ ਪ੍ਰਨਯ ਸਾਹੂ ਦਰਮਿਆਨ ਹੈ। 13 ਉਮੀਦਵਾਰਾਂ ਲਈ ਕੁੱਲ 2.2 ਲੱਖ ਲੋਕ ਵੋਟ ਪਾਉਣਗੇ।


Related News