ਦਿੱਲੀ: ਰਾਜਿੰਦਰ ਨਗਰ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ
Thursday, Jun 23, 2022 - 09:40 AM (IST)
ਨਵੀਂ ਦਿੱਲੀ– ਦਿੱਲੀ ਦੀ ਰਾਜਿੰਦਰ ਨਗਰ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣਾਂ ਲਈ ਅੱਜ ਯਾਨੀ ਕਿ ਵੀਰਵਾਰ ਨੂੰ ਵੋਟਿੰਗ ਜਾਰੀ ਹੈ। ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਪੈਣਗੀਆਂ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਕਿ ਸਾਰੇ ਵੋਟਿੰਗ ਕੇਂਦਰਾਂ ’ਤੇ ‘ਮੌਕ ਪਾਲ’ (Mock Poll) ਕੀਤੇ ਗਏ ਸਨ। ਰਾਜਿੰਦਰ ਨਗਰ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣਾਂ ਲਈ ਸਖ਼ਤ ਸੁਰੱਖਿਆ ਵਿਵਸਥਾ ’ਚ ਵੋਟਾਂ ਪੈ ਰਹੀਆਂ ਹਨ।
ਦੱਸ ਦੇਈਏ ਕਿ ਹਾਲ ਹੀ ’ਚ ਰਾਜ ਸਭਾ ਚੋਣਾਂ ਲਈ ਚੁਣੇ ਜਾਣ ਮਗਰੋਂ ‘ਆਪ’ ਆਗੂ ਰਾਘਵ ਚੱਢਾ ਦੇ ਅਸਤੀਫ਼ੇ ਤੋਂ ਖਾਲੀ ਹੋਈ ਸੀਟ ’ਤੇ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਚੱਢਾ ਰਾਜਿੰਦਰ ਨਗਰ ਸੀਟ ਤੋਂ ਵਿਧਾਇਕ ਸਨ। ਇਸ ਸੀਟ ਤੋਂ ਕੁੱਲ 14 ਉਮੀਦਵਾਰ ਚੋਣ ਮੈਦਾਨ ’ਚ ਹਨ। ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਭਾਰੀ ਵੋਟਾਂ ਨਾਲ ਜਿੱਤਣ ਦੀ ਉਮੀਦ ਜਤਾਈ ਹੈ।
‘ਆਪ’ ਦੇ ਦੁਰਗੇਸ਼ ਪਾਠਕ ਅਤੇ ਭਾਜਪਾ ਨੇ ਰਾਜੇਸ਼ ਭਾਟੀਆ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉੱਥੇ ਹੀ ਕਾਂਗਰਸ ਨੇ ਪ੍ਰੇਮ ਲਤਾ ਨੂੰ ਟਿਕਟ ਦਿੱਤੀ ਹੈ। ਜ਼ਿਮਨੀ ਚੋਣਾਂ ’ਚ ਕੁੱਲ 1,64,698 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਪਾਤਰ ਹਨ। ਵੋਟਾਂ ਲਈ ਕੇਂਦਰੀ ਹਥਿਆਰਬੰਦ ਪੁਲਸ ਫੋਰਸ (CRPF) ਦੇ ਜਵਾਨਾਂ ਦੀਆਂ 6 ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ।