ਸੈਲਾਨੀ 21 ਸਤੰਬਰ ਤੋਂ ਕਰ ਸਕਣਗੇ ਤਾਜ ਮਹਿਲ ਦਾ ਦੀਦਾਰ
Monday, Sep 07, 2020 - 06:27 PM (IST)
ਆਗਰਾ- ਕੋਰੋਨਾ ਇਨਫੈਕਸ਼ਨ ਕਾਰਨ ਬੰਦ ਤਾਜ ਮਹਿਲ ਅਤੇ ਲਾਲ ਕਿਲਾ ਦੇ ਦੁਆਰ 21 ਸਤੰਬਰ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤੇ ਜਾਣਗੇ। ਜ਼ਿਲ੍ਹਾ ਅਧਿਕਾਰੀ ਪ੍ਰਭੂਨਾਰਾਇਣ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਵਿਸ਼ਵ ਪ੍ਰਸਿੱਧ ਤਾਜ ਮਹਿਲ ਅਤੇ ਇਤਿਹਾਸਕ ਲਾਲ ਕਿਲਾ ਨੂੰ ਸੈਲਾਨੀਆਂ ਲਈ 21 ਸਤੰਬਰ ਤੋਂ ਖੋਲ੍ਹ ਦਿੱਤਾ ਜਾਵੇਗਾ। ਹਾਲਾਂਕਿ ਸੈਲਾਨੀਆਂ ਨੂੰ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ।
ਦੱਸਣਯੋਗ ਹੈ ਕਿ ਆਗਰਾ ਸਮੇਤ ਦੇਸ਼ ਭਰ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰੀ ਸੰਸਕ੍ਰਿਤੀ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਤਾਜ ਮਹਿਲ, ਲਾਲ ਕਿਲਾ ਸਮੇਤ ਕਈ ਸਮਾਰਕਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਪਹਿਲੇ ਤਾਜ ਮਹਿਲ ਅਤੇ ਲਾਲ ਕਿਲਾ ਸਮੇਤ ਆਗਰਾ ਦੇ ਕਈ ਸਮਾਰਕਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਬਾਅਦ 'ਚ ਇਹ ਮਿਆਦ ਵਧਦੀ ਚੱਲੀ ਗਈ। ਇਕ ਸਤੰਬਰ ਤੋਂ ਆਗਰਾ 'ਚ ਬਾਕੀ ਸਾਰੇ ਸਮਾਰਕ ਖੁੱਲ੍ਹ ਚੁਕੇ ਹਨ। ਸੋਮਵਾਰ ਨੂੰ ਕੋਵਿਡ ਸਮੀਖਿਆ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਪ੍ਰਭੂ ਐੱਨ. ਸਿੰਘ ਨੇ ਤਾਜ ਮਹਿਲ ਅਤੇ ਕਿਲਾ ਖੋਲ੍ਹਣ ਦੇ ਵੀ ਆਦੇਸ਼ ਜਾਰੀ ਕਰ ਦਿੱਤੇ।