ਕੁੰਭ ਦੀ ਸਮਾਪਤੀ ਕਰਵਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਲਾਈ ਤਾਕਤ
Wednesday, Apr 21, 2021 - 10:47 AM (IST)
ਨਵੀਂ ਦਿੱਲੀ– ਸਾਧੂਆਂ, ਵੱਖ-ਵੱਖ ਅਖਾੜਿਆਂ ਤੇ ਹਿੰਦੂ ਸੰਤਾਂ ਦੇ ਮਾਰਗਦਰਸ਼ਕ ਮੰਡਲ ਦੇ ਮੈਂਬਰਾਂ ’ਚ ਮਤਭੇਦ ਕਾਰਣ ਪਵਿੱਤਰ ਕੁੰਭ ਦੀ ਰਸਮੀ ਸਮਾਪਤੀ ਵਿਚ ਦੇਰੀ ਹੋ ਗਈ ਹੈ। ਹਾਲਾਂਕਿ ਸਭ ਤੋਂ ਵੱਡੇ ਜੂਨਾ ਅਖਾੜਾ, ਆਨੰਦ ਅਖਾੜਾ ਤੇ ਨਿਰੰਜਨ ਅਖਾੜਾ ਸਮੇਤ 12 ਪ੍ਰਮੁੱਖ ਅਖਾੜਿਆਂ ਨੇ ਕੁੰਭ ਨੂੰ ਪ੍ਰਤੀਕ ਦੇ ਰੂਪ ’ਚ ਬਦਲਣ ਦੇ ਆਪਣੇ ਫੈਸਲੇ ਦਾ ਐਲਾਨ ਕਰ ਦਿੱਤਾ ਹੈ ਪਰ ਕੁਝ ਪ੍ਰਮੁੱਖ ਸਾਧੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਦਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਸ਼ਨੀਵਾਰ ਭਾਵਨਾ ਭਰਪੂਰ ਸੱਦਾ ਦਿੱਤਾ ਸੀ ਕਿ ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦਿਆਂ ਕੁੰਭ ਮੇਲਾ ਹੁਣ ਪ੍ਰਤੀਕ ਰੂਪ ਵਿਚ ਹੀ ਹੋਵੇ। ਉਨ੍ਹਾਂ ਜੂਨਾ ਅਖਾੜਾ ਪ੍ਰੀਸ਼ਦ ਦੇ ਪ੍ਰਮੁੱਖ ਸਵਾਮੀ ਅਵਧੇਸ਼ਾਨੰਦ ਨਾਲ ਵੀ ਫੋਨ ’ਤੇ ਗੱਲ ਕੀਤੀ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਮਾਰਗਦਰਸ਼ਕ ਮੰਡਲ ਪਿਛਲੇ 2 ਦਿਨਾਂ ਤੋਂ ਸਾਰੇ ਅਖਾੜਿਆਂ ਤੇ ਸਾਧੂਆਂ ਨੂੰ ਕੁੰਭ ਮੇਲਾ ਸਮੇਂ ਤੋਂ ਪਹਿਲਾਂ ਖਤਮ ਕਰਨ ਲਈ ਮਨਾ ਰਹੇ ਹਨ। ਕੋਰੋਨਾ ਨਾਲ 2 ਸਾਧੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਇਸ ਹਫਤੇ ਗੰਗਾ ਵਿਚ ਪਵਿੱਤਰ ਡੁਬਕੀ ਲਾਉਣ ਤੋਂ ਬਾਅਦ ਕੋਰੋਨਾ ਪ੍ਰਭਾਵਿਤ ਹੋ ਗਏ ਹਨ।
ਆਲੋਕ ਕੁਮਾਰ ਨੇ ਮਾਰਗਦਰਸ਼ਕ ਮੰਡਲ ਦੇ ਮੈਂਬਰਾਂ ਤੇ ਸਾਧੂਆਂ ਨਾਲ ਕੁੰਭ ਮੇਲਾ ਸਮਾਪਤ ਕਰਨ ਲਈ ਟੈਲੀਫੋਨ ’ਤੇ ਕਈ ਵਾਰ ਗੱਲ ਕੀਤੀ ਹੈ। ਇੰਨਾ ਕਰਨ ’ਤੇ ਵੀ ਕਈ ਅਖਾੜੇ ਕੁੰਭ ਸਮਾਪਤ ਕਰਨ ਲਈ ਤਿਆਰ ਨਹੀਂ ਕਿਉਂਕਿ ਇਹ ਆਸਥਾ ਦਾ ਸਵਾਲ ਹੈ। ਆਲੋਕ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਸਾਰੇ ਅਖਾੜਿਆਂ ਤੇ ਸਾਧੂਆਂ ਨੂੰ ਮਨਾਉਣ ਦੇ ਯਤਨ ਚੱਲ ਰਹੇ ਹਨ।
ਉਨ੍ਹਾਂ ਕਿਹਾ ਇਸ ਵਿਸ਼ੇ ’ਤੇ ਮਾਰਗਦਰਸ਼ਕ ਮੰਡਲ ਮੰਥਨ ਕਰ ਰਿਹਾ ਹੈ ਅਤੇ ਸਰਬਸੰਮਤੀ ਬਣ ਰਹੀ ਹੈ। 2 ਸ਼ਾਹੀ ਇਸ਼ਨਾਨ ਪੂਰਨ ਹੋ ਚੁੱਕੇ ਹਨ ਅਤੇ ਇਕ ਅਜੇ ਬਾਕੀ ਹੈ। ਕੁੰਭ 30 ਅਪ੍ਰੈਲ ਨੂੰ ਰਸਮੀ ਤੌਰ ’ਤੇ ਸਮਾਪਤ ਹੋਣਾ ਹੈ। ਇਹ ਕੁੰਭ ਜਨਵਰੀ ਦੀ ਬਜਾਏ ਇਕ ਮਹੀਨਾ ਪਹਿਲਾਂ ਸ਼ੁਰੂ ਹੋਇਆ ਸੀ। ਇਹ ਪ੍ਰਸਤਾਵ ਦਿੱਤਾ ਜਾ ਰਿਹਾ ਹੈ ਕਿ ਸੀਮਿਤ ਗਿਣਤੀ ਵਿਚ ਹਾਜ਼ਰੀ ਨਾਲ ‘ਸ਼ਾਹੀ ਸਵਾਰੀ’ ਪ੍ਰਤੀਕ ਰੂਪ ’ਚ ਕੱਢੀ ਜਾਵੇ ਜੋ ਕਿ ਕੁੰਭ ਦੀ ਸਮਾਪਤੀ ਦਾ ਸੰਕੇਤ ਹੈ।