ਬਿਨਾਂ ਵੀਜ਼ੇ ਵਰਿੰਦਾਵਨ ''ਚ ਰਹਿ ਰਿਹਾ ਇਟਲੀ ਦਾ ਨਾਗਰਿਕ ਗ੍ਰਿਫਤਾਰ
Thursday, Apr 04, 2019 - 05:09 PM (IST)
ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਪਿਛਲੇ 4 ਸਾਲਾਂ ਤੋਂ ਜਾਇਜ਼ ਪ੍ਰਮਾਣ ਪੱਤਰਾਂ ਦੇ ਬਿਨਾਂ ਰਹਿ ਰਹੇ 52 ਸਾਲਾ ਇਟਲੀ ਦੇ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਸ ਸੰਬੰਧ 'ਚ ਇਟਲੀ ਦੇ ਦੂਤਘਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸੀਨੀਅਰ ਪੁਲਸ ਕਮਿਸ਼ਨਰ ਸੱਤਿਆਰਥ ਅਨਿਰੁਧ ਪੰਕਜ ਨੇ ਦੱਸਿਆ,''ਇਟਲੀ ਵਾਸੀ ਆਂਦਰੇ ਗ੍ਰੇਗੋ ਸਾਲ 2015 'ਚ ਸੈਲਾਨੀ ਵੀਜ਼ੇ 'ਤੇ ਭਾਰਤ ਆਇਆ ਸੀ। ਉਸ ਦੌਰਾਨ ਉਸ ਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਨਪਦ ਵਾਸੀ 45 ਸਾਲਾ ਔਰਤ ਚੰਦਰਮਣੀ ਨਾਲ ਉੜੀਸਾ ਦੇ ਕੋਣਾਰਕ ਮੰਦਰ 'ਚ ਵਿਆਹ ਕਰ ਲਿਆ। ਇਸ ਤੋਂ ਬਾਅਦ ਉਹ ਵਰਿੰਦਾਵਨ ਦੇ ਵਾਰਾਹ ਘਾਟ 'ਤੇ ਆ ਕੇ ਰਹਿਣ ਲੱਗਾ।
ਉਸ ਨੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਮਿਆਦ ਵਧਾਉਣ ਅਤੇ ਸਥਾਈ ਵੀਜ਼ਾ ਪ੍ਰਾਪਤ ਕਰਨ ਦੀ ਅਪੀਲ ਨਹੀਂ ਕੀਤੀ। ਜਿਸ ਕਾਰਨ ਖੁਫੀਆ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਤਲਾਸ਼ੀ 'ਚ ਉਸ ਕੋਲੋਂ ਉਸ ਦਾ ਡਰਾਈਵਿੰਗ ਲਾਇਸੈਂਸ ਅਤੇ ਇਟਲੀ 'ਚ ਬਣਿਆ ਉਸ ਦਾ ਹੈਲਥ ਕਾਰਡ ਬਰਾਮਦ ਕੀਤਾ ਹੈ। ਜੋ ਉਸ ਦੇ ਇਟਲੀ ਦਾ ਵਾਸੀ ਹੋਣ ਦੀ ਪੁਸ਼ਟੀ ਕਰਦੇ ਹਨ। ਐੱਸ.ਐੱਸ.ਪੀ. ਨੇ ਦੱਸਿਆ,''ਉਸ ਨੂੰ ਜੇਲ ਭੇਜ ਕੇ ਮਾਮਲੇ ਦੀ ਰਿਪੋਰਟ ਉਸ ਦੇ ਦੇਸ਼ ਦੇ ਦੂਤਘਰ ਨੂੰ ਐਡਵਾਂਸ ਕਾਰਵਾਈ ਲਈ ਭੇਜ ਦਿੱਤੀ ਹੈ।