ਵਿਪਿਨ ਪਰਮਾਰ ਚੁਣੇ ਗਏ ਹਿਮਾਚਲ ਵਿਧਾਨ ਸਭਾ ਦੇ ਸਪੀਕਰ

02/26/2020 4:53:06 PM

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਵਿਪਿਨ ਪਰਮਾਰ ਨੂੰ ਅੱਜ ਭਾਵ ਬੁੱਧਵਾਰ ਸਰਬਸੰਮਤੀ ਨਾਲ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਉਨ੍ਹਾਂ ਦੇ ਸਪੀਕਰ ਚੁਣੇ ਜਾਣ ਨਾਲ ਸਬੰਧਤ 4 ਪ੍ਰਸਤਾਵਾਂ ਦੇ ਪਾਸ ਹੋਣ ਪਿੱਛੋਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਹੰਸ ਰਾਜ ਨੇ ਮੌਜੂਦਾ ਬਜਟ ਸਮਾਗਮ ਦੇ ਦੂਜੇ ਦਿਨ ਸੂਬਾ ਵਿਧਾਨ ਸਭਾ ਸਪੀਕਰ ਦਾ ਐਲਾਨ ਕੀਤਾ। ਪਰਮਾਰ ਦੇ ਸਪੀਕਰ ਚੁਣੇ ਜਾਣ ਪਿੱਛੋਂ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਉਨ੍ਹਾਂ ਨੂੰ ਸਪੀਕਰ ਦੇ ਆਸਣ ਤੱਕ ਲੈ ਕੇ ਗਏ ਅਤੇ ਉਨ੍ਹਾਂ ਨੂੰ ਕੁਰਸੀ ’ਤੇ ਸੁਸ਼ੋਭਿਤ ਕੀਤਾ।

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਿਹਤ ਅਤੇ ਕਲਿਆਣ ਮੰਤਰੀ ਵਿਪਨ ਪਵਾਰ ਨੇ ਮੰਗਲਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਭਰਿਆ ਸੀ। ਦੱਸਿਆ ਜਾਂਦਾ ਹੈ ਕਿ ਵਿਰੋਧੀ ਧਿਰ ਕਾਂਗਰਸ ਵੱਲੋਂ ਵਿਧਾਨ ਸਭਾ ਸਪੀਕਰ ਅਹੁਦੇ ਲਈ ਕੋਈ ਨਾਮਜ਼ਦਗੀ ਪੱਤਰ ਨਹੀਂ ਭਰਿਆ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜੀਵ ਬਿੰਦਲ ਦੇ ਅਸਤੀਫਾ ਦੇਣ ਤੋਂ ਬਾਅਦ ਵਿਧਾਨ ਸਭਾ ਅਹੁਦਾ 16 ਜਨਵਰੀ ਤੋਂ ਖਾਲੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪਰਮਾਰ ਪਹਿਲੀ ਵਾਰ 1998 'ਚ ਸੂਬੇ ਦੀ ਵਿਧਾਨ ਸਭਾ ਲਈ ਚੁਣੇ ਗਏ ਸੀ। 2007 ਤੋਂ 2017 'ਚ ਉਹ ਫਿਰ ਤੋਂ ਵਿਧਾਇਕ ਬਣੇ। 


Iqbalkaur

Content Editor

Related News