ਮਣੀਪੁਰ ’ਚ 18 ਦਿਨ ਬਾਅਦ ਫਿਰ ਹਿੰਸਾ, ਇੰਫਾਲ ’ਚ ਦੰਗਾਕਾਰੀਆਂ ਨੇ ਕਈ ਘਰ ਫੂਕੇ

Tuesday, May 23, 2023 - 01:12 PM (IST)

ਮਣੀਪੁਰ ’ਚ 18 ਦਿਨ ਬਾਅਦ ਫਿਰ ਹਿੰਸਾ, ਇੰਫਾਲ ’ਚ ਦੰਗਾਕਾਰੀਆਂ ਨੇ ਕਈ ਘਰ ਫੂਕੇ

ਇੰਫਾਲ, (ਯੂ. ਐੱਨ. ਆਈ.)- ਮਣੀਪੁਰ ’ਚ 18 ਦਿਨ ਬਾਅਦ ਇਕ ਵਾਰ ਫਿਰ ਹਿੰਸਾ ਹੋਈ। ਰਾਜਧਾਨੀ ਇੰਫਾਲ ਦੇ ਨਿਊ ਲੰਬੁਲੇਨ ਇਲਾਕੇ ’ਚ ਸੋਮਵਾਰ ਨੂੰ ਦੰਗਾਕਾਰੀਆਂ ਨੇ ਕੁਝ ਖਾਲੀ ਪਏ ਘਰਾਂ ਨੂੰ ਅੱਗ ਲਾ ਦਿੱਤੀ। ਹਿੰਸਾ ਨੂੰ ਵੇਖਦੇ ਹੋਏ ਸਰਕਾਰ ਨੇ ਇਲਾਕੇ ’ਚ ਫੌਜ ਤਾਇਨਾਤ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ’ਚ ਕਰਫਿਊ ਵੀ ਲਾ ਦਿੱਤਾ ਹੈ। ਨਾਲ ਹੀ 26 ਮਈ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।

ਰਿਪੋਰਟਾਂ ਮੁਤਾਬਕ ਸਵੇਰੇ 10 ਵਜੇ ਇਕ ਲੋਕਲ ਮਾਰਕੀਟ ’ਚ ਜਗ੍ਹਾ ਨੂੰ ਲੈ ਕੇ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਝਗੜਾ ਹੋਇਆ। ਇਸ ਤੋਂ ਬਾਅਦ ਦੰਗਾਕਾਰੀਆਂ ਨੇ ਕੁਝ ਘਰਾਂ ਨੂੰ ਅੱਗ ਲਾ ਦਿੱਤੀ। ਹਾਲਤ ’ਤੇ ਕਾਬੂ ਪਾਉਣ ਲਈ ਪੈਰਾਮਿਲਟਰੀ ਫੋਰਸ ਅਤੇ ਫੌਜ ਨੂੰ ਬੁਲਾਉਣਾ ਪਿਆ। ਪੁਲਸ ਨੇ ਅੱਗਜ਼ਨੀ ਦੇ ਮੁਲਜ਼ਮ 3 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਇਨ੍ਹਾਂ ਤੋਂ 2 ਹਥਿਆਰ ਵੀ ਬਰਾਮਦ ਕੀਤੇ ਹਨ।

ਸੂਬੇ ’ਚ ਹਿੰਸਾ ਦੇ ਕਾਰਨ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕ ਉੱਜੜ ਗਏ ਹਨ। ਸਰਕਾਰ ਨੇ ਦੰਗਾਕਾਰੀਆਂ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਹੋਇਆ ਹੈ।

17 ਮਈ ਨੂੰ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ’ਚ ਹੋਈ ਸੀ। ਕੋਰਟ ਨੇ ਸੂਬਾ ਸਰਕਾਰ ਨੂੰ ਹਿੰਸਾ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਰਹੀ ਰਾਹਤ, ਸੁਰੱਖਿਆ, ਮੁੜ-ਵਸੇਬੇ ’ਤੇ ਨਵੀਂ ਸਟੇਟਸ ਰਿਪੋਰਟ ਦਾਖਲ ਕਰਨ ਦਾ ਹੁਕਮ ਦਿੱਤਾ ਹੈ।

ਸੁਪਰੀਮ ਕੋਰਟ ’ਚ ਮਣੀਪੁਰ ਟ੍ਰਾਈਬਲ ਫੋਰਮ ਅਤੇ ਹਿੱਲ ਏਰੀਆ ਕਮੇਟੀ ਨੇ ਵੀ ਪਟੀਸ਼ਨਾਂ ਦਾਖਲ ਕੀਤੀਆਂ ਹਨ। ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਜੁਲਾਈ ’ਚ ਕੋਰਟ ਇਕ ਵਾਰ ਫਿਰ ਇਸ ਮਾਮਲੇ ਦੀ ਸੁਣਵਾਈ ਕਰੇਗੀ।


author

Rakesh

Content Editor

Related News