ਕਰਨਾਟਕ: ਫੇਸਬੁੱਕ ''ਤੇ ਇਤਰਾਜ਼ਯੋਗ ਪੋਸਟ ਨੂੰ ਲੈ ਕੇ ਭੜਕੀ ਹਿੰਸਾ, ਪੁਲਸ ਗੋਲੀਬਾਰੀ ''ਚ 3 ਮਰੇ
Wednesday, Aug 12, 2020 - 01:21 PM (IST)
ਬੈਂਗਲੁਰੂ— ਕਰਨਾਟਕ ਦੇ ਬੈਂਗਲੁਰੂ ਵਿਚ ਫੇਸਬੁੱਕ 'ਤੇ ਇਕ ਇਤਰਾਜ਼ਯੋਗ ਪੋਸਟ ਨੂੰ ਲੈ ਕੇ ਹਿੰਸਾ ਭੜਕ ਗਈ। ਭੜਕੀ ਹਿੰਸਾ ਤੋਂ ਬਾਅਦ ਪੁਲਸ 'ਤੇ ਪਥਰਾਅ ਅਤੇ ਅੱਗਜਨੀ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਪੁਲਸ ਦੀ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਇਕ ਭਾਈਚਾਰੇ ਵਿਸ਼ੇਸ਼ ਦੇ ਲੋਕ ਫੇਸਬੁੱਕ 'ਤੇ ਪੈਗੰਬਰ ਮੁਹੰਮਦ ਬਾਰੇ ਭੜਕਾਊ ਪੋਸਟ ਪਾਉਣ ਲਈ ਕਾਂਗਰਸ ਵਿਧਾਇਕ ਪੁਲਕੇਸ਼ੀ ਨਾਗਰ ਦੇ ਇਕ ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੇਜੀ ਹਾਲੀ ਥਾਣੇ ਨੇੜੇ ਇਕੱਠੇ ਹੋਏ। ਉਹ ਲੋਕ ਆਪਣੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਦੇ ਮਕਾਨ 'ਤੇ ਪਥਰਾਅ ਕੀਤਾ ਅਤੇ ਆਲੇ-ਦੁਆਲੇ ਖੜ੍ਹੇ ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲਸ ਨੇ ਹਿੰਸਕ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਦਾਗੇ। ਇਸ ਦੇ ਤੁਰੰਤ ਬਾਅਦ ਭੀੜ ਨੇ ਥਾਣੇ ਵਿਚ ਦਾਖ਼ਲ ਹੋ ਕੇ ਪੁਲਸ ਮੁਲਾਜ਼ਮਾਂ 'ਤੇ ਪਥਰਾਅ ਸ਼ੁਰੂ ਕੀਤਾ। ਭੀੜ ਨੂੰ ਸ਼ਾਂਤ ਕਰਵਾਉਣ ਲਈ ਸੀਨੀਅਰ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ ਪਰ ਉਹ ਭੀੜ ਦਾ ਨਿਸ਼ਾਨਾ ਬਣ ਗਏ। ਇਸ ਦੌਰਾਨ 50 ਤੋਂ ਵਧੇਰੇ ਪੁਲਸ ਮੁਲਾਜ਼ਮ ਸਮੇਤ ਕਈ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਭੀੜ ਨੂੰ ਖਦੇੜਨ ਲਈ ਪੁਲਸ ਨੂੰ ਗੋਲੀਬਾਰੀ ਕਰਨੀ ਪਈ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਵਿਧਾਇਕ ਦੇ ਰਿਸ਼ਤੇਦਾਰ ਨੂੰ ਇਤਰਾਜ਼ਯੋਗ ਪੋਸਟ ਲਈ ਗ੍ਰਿ੍ਰਫ਼ਤਾਰ ਕਰ ਲਿਆ ਹੈ ਅਤੇ 150 ਤੋਂ ਵਧੇਰੇ ਲੋਕਾਂ ਨੂੰ ਸਮਾਜ ਦੀ ਸ਼ਾਂਤੀ ਅਤੇ ਮਾਹੌਲ ਖਰਾਬ ਕਰਨ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਓਧਰ ਬੈਂਗਲੁਰੂ ਦੇ ਪੁਲਸ ਡਿਪਟੀ ਕਮਿਸ਼ਨਰ ਕਮਲ ਪੰਤ ਨੇ ਕਿਹਾ ਕਿ ਪੁਲਸ ਦੀ ਗੋਲੀਬਾਰੀ ਵਿਚ ਤਿੰਨ ਲੋਕ ਮਾਰੇ ਗਏ ਹਨ। ਉਨ੍ਹਾਂ ਨੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਮੈਂ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਕੁਝ ਬਦਮਾਸ਼ਾਂ ਦੀਆਂ ਗਲਤੀਆਂ ਦੇ ਚੱਲਦੇ ਸਾਨੂੰ ਹਿੰਸਾ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ। ਲੜਾਈ-ਝਗੜੇ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ਸਾਰੇ ਭਰਾ ਹਾਂ। ਅਸੀਂ ਕਾਨੂੰਨ ਮੁਤਾਬਕ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ। ਮੈਂ ਆਪਣੇ ਮੁਸਲਿਮ ਦੋਸਤਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਾ ਹਾਂ।