ਗੁਜਰਾਤ : ਸੜਕ ਦੇ ਵਿਚੋ-ਵਿਚ ਬਣੀ ਦਰਗਾਹ ਹਟਾਉਣ ਦੇ ਨੋਟਿਸ ''ਤੇ ਭੜਕੀ ਹਿੰਸਾ
Saturday, Jun 17, 2023 - 10:38 AM (IST)
ਜੂਨਾਗੜ੍ਹ- ਗੁਜਰਾਤ ਦੇ ਜੂਨਾਗੜ੍ਹ 'ਚ ਇਕ ਗੈਰ-ਕਾਨੂੰਨੀ ਦਰਗਾਹ ਹਟਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ। ਦਰਅਸਲ ਦਰਗਾਹ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਪ੍ਰਸ਼ਾਸਨ ਨੇ ਨੋਟਿਸ ਜਾਰੀ ਕੀਤਾ ਸੀ, ਜਿਸ ਨੂੰ ਲੈ ਕੇ ਲੋਕ ਭੜਕ ਗਏ ਅਤੇ ਪੁਲਸ ਮੁਲਾਜ਼ਮਾਂ ਨਾਲ ਭਿੜ ਗਏ। ਇਸ ਦੌਰਾਨ ਹਿੰਸਕ ਲੋਕਾਂ ਦੀ ਇਸ ਭੀੜ ਨੇ ਮਜੇੜਵੀ ਚੌਕ ਸਥਿਤ ਪੁਲਸ ਚੌਕੀ 'ਤੇ ਹਮਲਾ ਕੀਤਾ ਅਤੇ ਭੰਨ-ਤੋੜ ਕੀਤੀ। ਇੰਨਾ ਹੀ ਨਹੀਂ ਉੱਥੇ ਮੌਜੂਦ ਵਾਹਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਲਗਭਗ 200-300 ਲੋਕ ਜਦੋਂ ਥਾਣੇ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਇਸ ਜਗ੍ਹਾ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਅਜਿਹੇ 'ਚ ਹਿੰਸਕ ਲੋਕਾਂ ਨੇ ਪੱਥਰ ਸੁੱਟਣੇ ਸ਼ੁਰੂ ਕੀਤੇ ਅਤੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਇਕ ਡਿਪਟੀ ਐੱ.ਪੀ. ਅਤੇ ਤਿੰਨ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਹਾਲਾਂਕਿ ਹੁਣ ਸ਼ਹਿਰ ਦੇ ਹਾਲਾਤ ਕੰਟਰੋਲ 'ਚ ਹਨ।
ਦੱਸਣਯੋਗ ਹੈ ਕਿ ਜੂਨਾਗੜ੍ਹ 'ਚ ਮਜੇੜਵੀ ਗੇਟ ਦੇ ਸਾਹਮਣੇ ਰਸਤੇ ਦੇ ਵਿਚੋ-ਵਿਚ ਇਕ ਗੈਰ-ਕਾਨੂੰਨੀ ਦਰਗਾਹ ਬਣੀ, ਜਿਸ ਨੂੰ ਹਟਾਉਣ ਲਈ ਮਹਾਨਗਰ ਪਾਲਿਕਾ ਵਲੋਂ ਸੀਨੀਅਰ ਟਾਊਨ ਪਲਾਨਰ ਨੇ ਇਕ ਨੋਟਿਸ ਜਾਰੀ ਕੀਤਾ ਸੀ ਅਤੇ ਦੱਸਿਆ ਗਿਆ ਸੀ ਕਿ ਇਹ ਧਾਰਮਿਕ ਸਥਾਨ ਗੈਰ-ਤਰੀਕੇ ਨਾਲ ਬਣਾਇਆ ਗਿਆ ਹੈ, ਅਜਿਹੇ 'ਚ ਇਹ ਧਾਰਮਿਕ ਸਥਾਨ ਤੋੜਿਆ ਜਾਵੇਗਾ।