ਕਰਨਾਟਕ ਚੋਣਾਂ: EVM ਬਦਲਣ ਦੀ ਫ਼ੈਲੀ 'ਅਫ਼ਵਾਹ', ਚੋਣ ਅਮਲੇ ਨਾਲ ਹੋਈ ਕੁੱਟਮਾਰ, ਵੋਟਰਾਂ ਨੂੰ ਵੀ ਲੱਗੀਆਂ ਸੱਟਾਂ
Wednesday, May 10, 2023 - 11:05 PM (IST)
ਬੈਂਗਲੁਰੂ (ਭਾਸ਼ਾ): ਕਰਨਾਟਕ ਵਿਚ ਬੁੱਧਵਾਰ ਨੂੰ ਵਿਧਾਨਸਭਾ ਚੋਣਾਂ ਲਈ ਜਾਰੀ ਵੋਟਿੰਗ ਦੌਰਾਨ ਵਿਜੇਪੁਰਾ ਜ਼ਿਲ੍ਹੇ ਦੇ ਮਸਾਬਿਨਲ ਪਿੰਡ ਦੇ ਲੋਕਾਂ ਨੇ EVM ਲਿਜਾ ਰਹੇ ਵਾਹਨ ਨੂੰ ਰੋਕ ਕੇ ਇਕ ਅਧਿਕਾਰੀ ਨਾਲ ਹੱਥੋਪਾਈ ਕੀਤੀ ਤੇ ਕੰਟਰੋਲ ਤੇ ਬੈਲੇਟ ਇਕਾਈਆਂ ਨੂੰ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ 23 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੋਲਿੰਗ ਸਟੇਸ਼ਨ ’ਚ ਬੱਚੇ ਦਾ ਹੋਇਆ ਜਨਮ, ਮਹਿਲਾ ਅਧਿਕਾਰੀਆਂ ਤੇ ਵੋਟਰਾਂ ਨੇ ਔਰਤ ਦੇ ਜਣੇਪੇ ’ਚ ਕੀਤੀ ਮਦਦ
ਚੋਣ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਪਿੰਡ ਵਾਸੀਆਂ ਨੇ ਵਿਧਾਨਸਭਾ ਚੋਣਾਂ ਲਈ ਈ.ਵੀ.ਐੱਮ. ਲਿਜਾ ਰਹੇ ਇਕ ਚੋਣ ਅਧਿਕਾਰੀ ਦੇ ਵਾਹਨ ਨੂੰ ਰੋਕ ਕੇ 2 ਕੰਟਰੋਲ ਤੇ ਬੈਲੇਟ ਇਕਾਈਆਂ ਅਤੇ ਤਿੰਨ ਵੀਵੀਪੈਟ (ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ) ਨੂੰ ਨੁਕਸਾਨ ਪਹੁੰਚਾਇਆ। ਚੋਣ ਕਮਿਸ਼ਨ ਨੇ ਕਿਹਾ, "ਸੈਕਸ਼ਨ ਅਫ਼ਸਰ ਨਾਲ ਮਾਰਕੁੱਟ ਕੀਤੀ ਗਈ। 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।" ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਦੇ ਅਧਿਕਾਰੀ ਪਿੰਡ ਪਹੁੰਚੇ, ਜੋ ਬਸਵਾਨਾ ਬਾਗੇਵਾੜੀ ਵਿਧਾਨਸਭਾ ਖੇਤਰ ਦੇ ਅਧੀਨ ਆਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ੱਕੀ ਭਰਾ-ਭਰਜਾਈ ਦਾ ਸ਼ਰਮਨਾਕ ਕਾਰਾ, 12 ਸਾਲਾ ਭੈਣ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਵਜ੍ਹਾ ਜਾਣ ਰਹਿ ਜਾਵੋਗੇ ਹੈਰਾਨ
ਪੁਲਸ ਸੂਤਰਾਂ ਮੁਤਾਬਕ ਪਿੰਡ ਵਿਚ 'ਅਫ਼ਵਾਹ' ਫ਼ੈਲੀ ਕਿ ਅਧਿਕਾਰੀ ਈ.ਵੀ.ਐੱਮ. ਤੇ ਵੀ.ਵੀ.ਪੀ.ਏ.ਟੀ. ਮਸ਼ੀਨ ਬਦਲ ਰਹੇ ਹਨ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਹ ਹਰਕਤ ਕੀਤੀ। ਇਸ ਵਿਚਾਲੇ, ਇੱਥੇ ਦੇ ਪਦਮਨਾਭਨਗਰ ਵਿਧਾਨਸਭਾ ਖੇਤਰ ਦੇ ਪਪਈਆ ਗਾਰਡਨ ਸਥਿਤ ਇਕ ਪੋਲਿੰਗ ਸਟੇਸ਼ਨ ਵਿਚ ਡਾਂਗਾਂ-ਸੋਟੀਆਂ ਲੈ ਕੇ ਕੁੱਝ ਨੌਜਵਾਨਾਂ ਨੇ ਆਪਣੇ ਸਿਆਸੀ ਵਿਰੋਧੀਆਂ 'ਤੇ ਹਮਲਾ ਕਰ ਦਿੱਤਾ। ਸੂਤਰਾਂ ਨੇ ਕਿਹਾ ਕਿ ਉਹ ਹਮਲਾਵਰ ਹੋ ਗਏ, ਜਿਸ ਦੇ ਚਲਦਿਆਂ ਵੋਟਿੰਗ ਲਈ ਲਾਈਨ ਵਿਚ ਲੱਗੀਆਂ ਕੁੱਝ ਔਰਤਾਂ ਨੂੰ ਵੀ ਸੱਟਾਂ ਲੱਗੀਆਂ। ਇਕ ਹੋਰ ਘਟਨਾ ਵਿਚ ਬੇੱਲਾਰੀ ਜ਼ਿਲ੍ਹੇ ਦੇ ਸੰਜੀਵਰਾਇਣਕੋਟ ਵਿਚ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਕੁੱਝ ਵਰਕਰ ਇਕ-ਦੂਜੇ ਨਾਲ ਭਿੜ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।