ਮਿਸ਼ਨ ਮੂਨ : ਚੰਦਰਯਾਨ-2 ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

09/12/2019 1:27:09 PM

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਹਿਮ ਮੂਨ ਮਿਸ਼ਨ ਚੰਦਰਯਾਨ-2 ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ। ਵਿਕਰਮ ਲੈਂਡਰ ਨਾਲੋਂ ਇਸਰੋ ਦਾ ਸੰਪਰਕ ਚੰਦਰਮਾ ਦੀ ਸਤ੍ਹਾ ਤੋਂ 2.1 ਕਿਲੋਮੀਟਰ ਦੀ ਉਚਾਈ 'ਤੇ ਨਹੀਂ, ਸਗੋਂ 335 ਮੀਟਰ 'ਤੇ ਹੀ ਟੁੱਟਿਆ ਸੀ। ਇਸਰੋ ਦੇ ਮਿਸ਼ਨ ਆਪ੍ਰੇਸ਼ਨ ਕੰਪਲੈਕਸ ਵਲੋਂ ਜਾਰੀ ਤਸਵੀਰ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ। ਚੰਦਰਯਾਨ-2 ਦਾ ਲੈਂਡਰ ਵਿਕਰਮ ਇਸਰੋ ਦੇ ਇਕ ਗ੍ਰਾਫ ਵਿਚ ਨਜ਼ਰ ਆ ਰਹੀਆਂ 3 ਰੇਖਾਵਾਂ ਦਰਮਿਆਨ ਸਥਿਤ ਲਾਲ ਰੇਖਾ 'ਤੇ ਚੱਲ ਰਿਹਾ ਸੀ। ਲਾਲ ਰੇਖਾ ਇਸਰੋ ਵਲੋਂ ਨਿਰਧਾਰਿਤ ਵਿਕਰਮ ਦਾ ਪਹਿਲਾਂ ਤੋਂ ਮਿੱਥਿਆ ਰਾਹ ਸੀ। ਵਿਕਰਮ ਲੈਂਡਰ ਦੇ ਅੱਗੇ ਵਧਣ ਦੇ ਨਾਲ ਹੀ ਲਾਲ ਰੰਗ ਦੀ ਰੇਖਾ ਉੱਪਰ ਹਰੇ ਰੰਗ ਦੀ ਰੇਖਾ ਸਪੱਸ਼ਟ ਨਜ਼ਰ ਆ ਰਹੀ ਸੀ। 

PunjabKesari

ਚੰਦਰਮਾ ਦੀ ਸਤ੍ਹਾ ਤੋਂ 4.2 ਕਿਲੋਮੀਟਰ ਦੀ ਉਚਾਈ 'ਤੇ ਵੀ ਵਿਕਰਮ ਲੈਂਡਰ ਆਪਣੇ ਪਹਿਲਾਂ ਤੋਂ ਨਿਰਧਾਰਿਤ ਰਾਹ ਤੋਂ ਥੋੜ੍ਹਾ ਭਟਕਿਆ ਪਰ ਜਲਦੀ ਉਸ ਨੂੰ ਸਹੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਵਿਕਰਮ ਚੰਦਰਮਾ ਦੀ ਸਤ੍ਹਾ ਤੋਂ 2.1 ਕਿਲੋਮੀਟਰ ਦੀ ਉਚਾਈ 'ਤੇ ਪੁੱਜਾ ਤਾਂ ਉਹ ਆਪਣੇ ਰਾਹ ਤੋਂ ਭਟਕ ਕੇ ਦੂਜੇ ਰਾਹ 'ਤੇ ਤੁਰਨ ਲੱਗ ਪਿਆ। ਜਿਸ ਸਮੇਂ ਵਿਕਰਮ ਨੇ ਆਪਣਾ ਨਿਰਧਾਰਿਤ ਰਾਹ ਛੱਡਿਆ, ਉਸ ਸਮੇਂ ਉਸ ਦੀ ਰਫਤਾਰ 59 ਮੀਟਰ ਪ੍ਰਤੀ ਸੈਕਿੰਡ ਸੀ। ਰਾਹ ਭਟਕਣ ਦੇ ਬਾਵਜੂਦ ਸਤ੍ਹਾ ਤੋਂ 400 ਮੀਟਰ ਦੀ ਉਚਾਈ 'ਤੇ ਵਿਕਰਮ ਲੈਂਡਰ ਦੀ ਰਫਤਾਰ ਲਗਭਗ ਉਸ ਪੱਧਰ ਤੱਕ ਪਹੁੰਚ ਚੁੱਕੀ ਸੀ, ਜਿਸ 'ਤੇ ਉਸ ਨੇ ਸਾਫਟ ਲੈਂਡਿੰਗ ਕਰਨੀ ਸੀ। ਮਿਸ਼ਨ ਆਪ੍ਰੇਸ਼ਨ ਕੰਪਲੈਕਸ ਦੀ ਸਕ੍ਰੀਨ 'ਤੇ ਨਜ਼ਰ ਆ ਰਹੇ ਗ੍ਰਾਫ ਵਿਚ ਲੈਂਡਿੰਗ ਲਈ ਪਹਿਲਾਂ ਤੋਂ ਨਿਰਧਾਰਿਤ 15 ਮਿੰਟ ਦੇ 13ਵੇਂ ਮਿੰਟ 'ਤੇ ਸਕ੍ਰੀਨ 'ਤੇ ਇਕ ਹਰੇ ਰੰਗ ਦੇ ਧੱਬੇ ਨਾਲ ਸਭ ਕੁਝ ਰੁਕ ਗਿਆ। ਉਸ ਸਮੇਂ ਵਿਕਰਮ ਲੈਂਡਰ ਚੰਦਰਮਾ ਦੀ ਸਤ੍ਹਾ ਤੋਂ 335 ਮੀਟਰ ਦੀ ਉਚਾਈ 'ਤੇ ਸੀ।

PunjabKesari

ਕਾਰਟੋਸੈਟ-3 ਦੀ ਲਾਂਚਿੰਗ 'ਚ ਹੋ ਸਕਦੀ ਹੈ ਦੇਰੀ
ਇਸਰੋ ਨੇ ਅਗਲੇ ਮਹੀਨੇ ਦੇ ਅਖੀਰ ਤਕ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਨਿਗਰਾਨੀ ਸੈਟੇਲਾਈਟ ਕਾਰਟੋਸੈਟ-3 ਦੀ ਲਾਂਚਿੰਗ ਕਰਨੀ ਸੀ ਪਰ ਹੁਣ ਅਜਿਹੀ ਚਰਚਾ ਹੈ ਕਿ ਇਸ ਦੀ ਲਾਂਚਿੰਗ ਇਕ ਮਹੀਨੇ ਤਕ ਟਲ ਸਕਦੀ ਹੈ। ਇਸਰੋ ਦੇ ਸੂਤਰਾਂ ਨੇ ਦੱਸਿਆ ਕਿ ਇਸ ਦੇ ਟਲਣ ਦਾ ਕਾਰਣ ਚੰਦਰਯਾਨ-2 ਮਿਸ਼ਨ ਵਿਚ ਆਈ ਗੜਬੜ ਹੈ। ਕਿਹਾ ਜਾਂਦਾ ਹੈ ਕਿ ਅਜੇ ਇਸਰੋ ਦੀ ਇਕ ਵੱਡੀ ਅਤੇ ਅਹਿਮ ਟੀਮ ਵਿਕਰਮ ਲੈਂਡਰ ਨਾਲ ਸੰਪਰਕ ਸਥਾਪਿਤ ਕਰਨ ਵਿਚ ਲੱਗੀ ਹੋਈ ਹੈ।

 


Tanu

Content Editor

Related News