ਵਿਜੇ ਮਾਲਿਆ ਦਾ ਕੇਂਦਰ ਅਤੇ ਬੈਂਕਾਂ 'ਤੇ ਸਵਾਲ, “ਕਿੰਨਾ ਪੈਸਾ ਵਸੂਲ ਹੋਇਆ, ਸੱਚ ਕਿਉਂ ਨਹੀਂ ਦੱਸਿਆ ਜਾ ਰਿਹਾ”

Tuesday, Dec 02, 2025 - 12:59 AM (IST)

ਵਿਜੇ ਮਾਲਿਆ ਦਾ ਕੇਂਦਰ ਅਤੇ ਬੈਂਕਾਂ 'ਤੇ ਸਵਾਲ, “ਕਿੰਨਾ ਪੈਸਾ ਵਸੂਲ ਹੋਇਆ, ਸੱਚ ਕਿਉਂ ਨਹੀਂ ਦੱਸਿਆ ਜਾ ਰਿਹਾ”

ਬਿਜਨੈੱਸ ਡੈਸਕ — ਕਿੰਗਫਿਸ਼ਰ ਏਅਰਲਾਈਨਜ਼ ਮਾਮਲੇ ਵਿਚ ਭਾਰਤ ਸਰਕਾਰ ਅਤੇ ਸਰਕਾਰੀ ਬੈਂਕਾਂ ਨਾਲ ਜੁੜੇ ਕਰਜ਼ੇ ਦੇ ਵਿਵਾਦ ’ਚ ਭਗੌੜਾ ਕਰਾਰ ਉਦਯੋਗਪਤੀ ਵਿਜੇ ਮਾਲਿਆ ਨੇ ਇੱਕ ਵਾਰ ਫਿਰ ਗੰਭੀਰ ਇਲਜ਼ਾਮ ਲਗਾਏ ਹਨ। ਮਾਲਿਆ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਹੈ ਕਿ ਸਰਕਾਰ ਅਤੇ ਪੀ.ਐਸ.ਯੂ. ਬੈਂਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਵਸੂਲੀ ਦੇ ਅੰਕੜਿਆਂ ਵਿੱਚ ਵੱਡਾ ਘਪਲਾ ਹੈ।

ਮਾਲਿਆ ਦੇ ਬਿਆਨ ਮੁਤਾਬਕ, ਵਿੱਤ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਉਸ ਤੋਂ 14,100 ਕਰੋੜ ਰੁਪਏ ਵਸੂਲ ਕੀਤੇ ਗਏ, ਜਦ ਕਿ ਬੈਂਕ ਦਾਅਵਾ ਕਰਦੇ ਹਨ ਕਿ ਉਹਨਾਂ ਨੇ 10,000 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਮਾਲਿਆ ਨੇ ਸਵਾਲ ਖੜ੍ਹਾ ਕੀਤਾ ਕਿ ਇਹ 4,000 ਕਰੋੜ ਦੀ ਗਿਣਤੀ ਕਿੱਥੇ ਗਈ?

ਇਸ ਤੋਂ ਇਲਾਵਾ, ਮਾਲਿਆ ਨੇ ਕਿਹਾ ਕਿ ਹੁਣ ਰਾਜ ਮੰਤਰੀ (MOS) ਸੰਸਦ ਨੂੰ ਦੱਸ ਰਹੇ ਹਨ ਕਿ ਮੇਰੇ 'ਤੇ ਅਜੇ ਵੀ 10,000 ਕਰੋੜ ਰੁਪਏ ਬਕਾਇਆ ਹਨ ਜਦੋਂ ਕਿ ਬੈਂਕਾਂ ਦਾਅਵਾ ਕਰਦੀਆਂ ਹਨ ਕਿ ਮੇਰੇ 'ਤੇ 7,000 ਕਰੋੜ ਰੁਪਏ ਬਕਾਇਆ ਹਨ।

ਉਸ ਨੇ ਦੋਸ਼ ਲਗਾਏ ਕਿ ਬਾਵਜੂਦ ਕਈ ਵਾਰ ਮੰਗ ਕਰਨ ਦੇ ਨਾ ਬੈਂਕ ਕੋਈ ਸਟੇਟਮੈਂਟ ਜਾਰੀ ਕਰ ਰਹੇ ਹਨ, ਨਾ ਹੀ ਵਾਪਸ ਮਿਲੇ ਪੈਸੇ ਦਾ ਸਹੀ ਹਿਸਾਬ ਦਿੰਦੇ ਹਨ।

ਮਾਲਿਆ ਨੇ ਆਪਣੇ ਅਗਲੇ ਬਿਆਨ 'ਚ ਕਿਹਾ ਕਿ, ਵਿੱਤ ਰਾਜ ਮੰਤਰੀ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਬਿਆਨ ਦੇ ਅਨੁਸਾਰ, ਮੇਰੇ ਤੋਂ ਕੁੱਲ ਵਸੂਲੀ 15094.93 ਕਰੋੜ ਰੁਪਏ ਬਣਦੀ ਹੈ ਜੋ ਕਿ ਦਸੰਬਰ 2024 ਵਿੱਚ ਵਿੱਤ ਮੰਤਰੀ ਵੱਲੋਂ ਸੰਸਦ ਵਿੱਚ ਦੱਸੇ ਗਏ ਅੰਕੜੇ ਨਾਲੋਂ ਲਗਭਗ 1,000 ਕਰੋੜ ਰੁਪਏ ਵੱਧ ਹੈ। ਕੋਈ ਸਪੱਸ਼ਟੀਕਰਨ ਜਾਂ ਖਾਤੇ ਦਾ ਬਿਆਨ ਕਿਉਂ ਨਹੀਂ?

ਮਾਮਲੇ ਦੀ ਨਿਸ਼ਪੱਖ ਜਾਂਚ ਲਈ ਰਿਟਾਇਰਡ ਜੱਜ ਦੀ ਨਿਯੁਕਤੀ ਦੀ ਮੰਗ
ਵਿਜੇ ਮਾਲਿਆ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਪੂਰੀ ਤਰ੍ਹਾਂ ਧੁੰਦਲਾ ਹੋਇਆ ਪਿਆ ਹੈ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਇੱਕ ਰਿਟਾਇਰਡ ਜੱਜ ਦੀ ਅਗਵਾਈ ਹੇਠ ਨਿਸ਼ਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਮਾਲਿਆ ਦਾ ਦਾਅਵਾ ਹੈ ਕਿ ਉਸ ਖ਼ਿਲਾਫ਼ ਜੱਜਮੈਂਟ ਡੇਬਟ 6,203 ਕਰੋੜ ਰੁਪਏ ਸੀ, ਪਰ ਵਸੂਲੀ ਦੇ ਵੱਖਰੇ-ਵੱਖਰੇ ਅੰਕੜੇ ਦਿੱਤੇ ਜਾ ਰਹੇ ਹਨ ਜੋ ਭਰਮ ਪੈਦਾ ਕਰਦੇ ਹਨ। ਉਸ ਨੇ ਇਸਨੂੰ “ਖੁਦ ਨਾਲ ਸੰਬੰਧਤ ਮਾਮਲੇ ਵਿੱਚ ਬਹੁਤ ਹੀ ਦੁਖਦਾਈ ਹਾਲਤ” ਕਰਾਰ ਦਿੱਤਾ।
 


author

Inder Prajapati

Content Editor

Related News