ਅਗਲੀਆਂ ਵਿਧਾਨ ਸਭਾ ਚੋਣਾਂ ''ਚ ਰਾਜਗ 200 ਤੋਂ ਵਧ ਸੀਟਾਂ ਜਿੱਤੇਗਾ : ਨਿਤੀਸ਼

Friday, Sep 20, 2019 - 02:29 PM (IST)

ਅਗਲੀਆਂ ਵਿਧਾਨ ਸਭਾ ਚੋਣਾਂ ''ਚ ਰਾਜਗ 200 ਤੋਂ ਵਧ ਸੀਟਾਂ ਜਿੱਤੇਗਾ : ਨਿਤੀਸ਼

ਪਟਨਾ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਗਲੇ ਸਾਲ ਰਾਜ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਰਾਜਗ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੋ ਲੋਕ ਜਨਤਾ ਦਲ (ਯੂ) ਅਤੇ ਉਸ ਦੀ ਗਠਜੋੜ ਸਹਿਯੋਗੀ ਭਾਜਪਾ ਦਰਮਿਆਨ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦਾ ਬੁਰਾ ਹਾਲ ਹੋਣ ਵਾਲਾ ਹੈ। ਨਿਤੀਸ਼ ਨੇ ਆਪਣੇ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ 'ਚ ਸਿਆਸੀ ਸਮਝਦਾਰੀ ਦੀ ਕਮੀ ਹੈ, ਉਹ ਉਨ੍ਹਾਂ 'ਤੇ ਨਿੱਜੀ ਹਮਲੇ ਕਰ ਕੇ ਪ੍ਰਚਾਰ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਨਿਤੀਸ਼ ਨੇ ਕਿਹਾ,''ਉਨ੍ਹਾਂ 'ਚੋਂ ਕੁਝ ਲੋਕਾਂ ਨੇ ਬੇਸ਼ਰਮੀ ਨਾਲ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਇਹ ਉਨ੍ਹਾਂ ਦੀ ਯੂ.ਐੱਸ.ਪੀ. (ਖਾਸੀਅਤ) ਹੈ।'' ਕੁਮਾਰ ਨੇ ਆਪਣੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਵਿਰੁੱਧ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦੇਣ ਤੋਂ ਬਚਣ। ਨਿਤੀਸ਼ ਨੇ ਕਿਹਾ,''ਮੈਂ ਆਪਣੇ ਪਾਰਟੀ ਬੁਲਾਰੇ ਨੂੰ ਸਲਾਹ ਦੇਵਾਂਗਾ ਕਿ ਉਹ ਇਸ 'ਚ ਨਾ ਪੈਣ।'' ਕੁਮਾਰ ਨੇ ਕਿਹਾ,''2010 ਦੀ ਵਿਧਾਨ ਸਭਾ ਚੋਣਾਂ ਯਾਦ ਕਰਨ ਦੀ ਕੋਸ਼ਿਸ਼ ਕਰੋ। ਸ਼ੱਕ ਜ਼ਾਹਰ ਕੀਤਾ ਗਿਆ ਸੀ ਕਿ ਸਾਨੂੰ ਬਹੁਮਤ ਨਹੀਂ ਮਿਲੇਗਾ ਪਰ ਅਸੀਂ 243 ਸੀਟਾਂ 'ਚੋਂ 206 ਸੀਟਾਂ ਜਿੱਤ ਗਏ ਸੀ। ਭਰੋਸਾ ਰਹੇ ਕਿ ਸਾਨੂੰ ਅਗਲੇ ਸਾਲ 200 ਤੋਂ ਵਧ ਸੀਟਾਂ ਮਿਲਣਗੀਆਂ।'' ਉਨ੍ਹਾਂ ਨੇ ਕਿਹਾ ਕਿ ਜਨਤਾ ਦਲ (ਯੂ) ਅਤੇ ਭਾਜਪਾ ਦਰਮਿਆਨ ਸਭ ਕੁਝ ਠੀਕ ਹੈ। ਉਨ੍ਹਾਂ ਨੇ ਕਿਹਾ,''ਅਜਿਹੇ ਬਹੁਤ ਲੋਕ ਹਨ, ਜੋ ਇਹ ਸੋਚਦੇ ਹਨ ਕਿ ਸਾਡੇ ਗਠਜੋੜ 'ਚ ਕੁਝ ਗੜਬੜੀ ਹੈ। ਅਜਿਹਾ ਨਹੀਂ ਹੈ ਅਤੇ ਜੋ ਗੜਬੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦਾ ਬੁਰਾ ਹਾਲ ਹੋਣ ਵਾਲਾ ਹੈ।''


author

DIsha

Content Editor

Related News