ਸ਼ਰਮਨਾਕ : ਵੀਡੀਓ ਬਣਾਉਣ ''ਤੇ ਪੱਤਰਕਾਰ ਦੀ ਗਰਭਵਤੀ ਪਤਨੀ ਨੂੰ ਨਰਸਿੰਗ ਹੋਮ ਤੋਂ ਕੱਢਿਆ
Sunday, May 02, 2021 - 01:51 PM (IST)
ਸੰਭਲ- ਉੱਤਰ ਪ੍ਰਦੇਸ਼ 'ਚ ਸੰਭਲ ਜ਼ਿਲ੍ਹੇ ਦੇ ਚੰਦੌਸੀ 'ਚ ਨਰਸਿੰਗ ਹੋਮ ਦੇ ਬਾਹਰ ਇਕ ਜਨਾਨੀ ਦਾ ਡਿਲਿਵਰੀ ਹੋਣ ਦੀ ਘਟਨਾ ਦਾ ਵੀਡੀਓ ਬਣਾਉਣ ਵਾਲੇ ਇਕ ਪੱਤਰਕਾਰ ਦੀ ਗਰਭਵਤੀ ਪਤਨੀ ਨੂੰ ਹਸਪਤਾਲ ਦੇ ਕਰਮੀਆਂ ਨੇ ਜ਼ਬਰਨ ਬਾਹਰ ਕੱਢ ਦਿੱਤਾ। ਇਸ ਮਾਮਲੇ 'ਚ 2 ਡਾਕਟਰਾਂ ਸਮੇਤ 8 ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਕ ਨਿਊਜ਼ ਚੈਨਲ ਦੇ ਪੱਤਰਕਾਰ ਰਵੀ ਨੇ ਕੋਤਵਾਲੀ 'ਚ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਡਿਲਿਵਰੀ ਲਈ ਡਾ. ਮੋਨਿਕਾ ਅਤੇ ਡਾ. ਸ਼ਰਦ ਰਵੀ ਦੇ ਨਰਸਿੰਗ ਹੋਮ 'ਚ 30 ਅਪ੍ਰੈਲ ਨੂੰ ਦਾਖ਼ਲ ਕਰਵਾਇਆ ਸੀ। ਉਸੇ ਰਾਤ 11 ਵਜੇ ਜਦੋਂ ਉਹ ਨਰਸਿੰਗ ਹੋਮ 'ਚ ਸੀ, ਉਦੋਂ ਇਕ ਗਰਭਵਤੀ ਜਨਾਨੀ ਦੀ ਨਰਸਿੰਗ ਹੋਮ ਦੇ ਬਾਹਰ ਡਿਲਿਵਰੀ ਹੋ ਗਈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਘਟਨਾ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋਈ, ਜਦੋਂ ਉਹ ਇਸ ਦਾ ਵੀਡੀਓ ਬਣਾਉਣ ਲੱਗੇ, ਉਦੋਂ ਨਰਸਿੰਗ ਹੋਮ ਦੇ ਡਾਕਟਰਾਂ ਅਤੇ ਕਰਮੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਗਰਭਵਤੀ ਪਤਨੀ ਨੂੰ ਨਰਸਿੰਗ ਹੋਮ ਤੋਂ ਬਾਹਰ ਕੱਢ ਦਿੱਤਾ। ਚੰਦੌਸੀ ਦੇ ਥਾਣਾ ਇੰਚਾਰਜ ਦੇਵੇਂਦਰ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ 'ਚ ਪੱਤਰਕਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਸ਼ਨੀਵਾਰ ਦੇਰ ਰਾਤ ਡਾ. ਸ਼ਰਦ, ਡਾ. ਮੋਨਿਕਾ ਅਤੇ ਅਣਪਛਾਤੇ ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ