ਬੱਚੇ ਨਾਲ ਕੁੱਟਮਾਰ ਕਰਦੀ ਨੈਨੀ ਦਾ ਵੀਡੀਓ ਵਾਇਰਲ, ਪੁਲਸ ਨੇ ਕੀਤਾ ਗ੍ਰਿਫ਼ਤਾਰ
Wednesday, Jun 15, 2022 - 12:59 PM (IST)
ਜਬਲਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ 'ਚ ਮਾਤਾ-ਪਿਤਾ ਦੇ ਘਰ ਨਹੀਂ ਰਹਿਣ ਦੌਰਾਨ ਇਕ ਨੈਨੀ ਵਲੋਂ 2 ਸਾਲ ਦੇ ਮਾਸੂਮ ਬੱਚੇ ਦੀ ਕੁੱਟਮਾਰ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਐਡੀਸ਼ਨਲ ਪੁਲਸ ਸੁਪਰਡੈਂਟ ਸੰਜੇ ਅਗਰਵਾਲ ਨੇ ਦੱਸਿਆ ਕਿ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਰਜਨੀ ਅਹਿਰਵਾਰ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਦੋਵੇਂ ਕੰਮਕਾਜੀ ਹਨ ਅਤੇ ਮਾਤਾ-ਪਿਤਾ ਘਰ ਛੱਡਣ ਤੋਂ ਪਹਿਲਾਂ ਬੱਚੇ ਲਈ ਪੂਰੀ ਮਾਤਰਾ 'ਚ ਭੋਜਨ ਰੱਖਦੇ ਸਨ, ਇਸ ਦੇ ਬਾਵਜੂਦ ਬੱਚੇ ਦੇ ਲਗਾਤਾਰ ਬੀਮਾਰ ਪੈਣ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਹੋਣ 'ਤੇ ਉਨ੍ਹਾਂ ਨੂੰ ਕੁਝ ਸੱਕ ਹੋਇਆ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਉਸ ਕਮਰੇ 'ਚ ਸੀ.ਸੀ.ਟੀ.ਵੀ. ਕੈਮਰਾ ਲਗਵਾ ਦਿੱਤਾ, ਜਿੱਥੇ ਉਨ੍ਹਾਂ ਦੇ ਘਰੋਂ ਬਾਹਰ ਜਾਣ ਤੋਂ ਬਾਅਦ ਨੈਨੀ ਬੱਚੇ ਨਾਲ ਰਹਿੰਦੀ ਸੀ। ਅਧਿਕਾਰੀ ਨੇ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਨੇ ਕੈਮਰੇ ਦੀ ਰਿਕਾਰਡਿੰਗ 'ਚ ਦੇਖਿਆ ਕਿ ਰਜਨੀ ਬੱਚੇ ਦੀ ਵਾਰ-ਵਾਰ ਕੁੱਟਮਾਰ ਕਰਦੀ ਸੀ। ਇਸ 'ਤੇ ਬੱਚੇ ਦੀ ਮਾਂ ਨੇ ਨੈਨੀ ਖ਼ਿਲਾਫ਼ ਮਧੋਤਾਲ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਔਰਤ ਨੂੰ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਸਰਕਾਰੀ ਕਰਮਚਾਰੀ ਹਨ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਉਨ੍ਹਾਂ ਨੇ ਬੱਚੇ ਦੀ ਦੇਖਭਾਲ ਲਈ ਨੈਨੀ ਨੂੰ ਕੰਮ 'ਤੇ ਰੱਖਿਆ ਸੀ।