ਭਾਰਤ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੱਖ ਸਕਦਾ : ਉਪ ਰਾਸ਼ਟਰਪਤੀ
Sunday, Feb 02, 2025 - 11:04 PM (IST)
ਨਵੀਂ ਦਿੱਲੀ, (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀ ਭਾਰਤ ’ਚ ਨਹੀਂ ਰਹਿ ਸਕਦੇ । ਚੋਣ ਰਾਜਨੀਤੀ ਨੂੰ ਆਬਾਦੀ ਕਾਰਨ ਪ੍ਰਭਾਵਿਤ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਵਿਰੋਧੀ ਬਿਆਨ ਦੇਣੇ ਬੰਦ ਕਰਨ ਦੀ ਅਪੀਲ ਕੀਤੀ। ਰਾਜ ਸਭਾ ਦੇ ਚੇਅਰਮੈਨ ਧਨਖੜ ਨੇ ਸੰਸਦ ’ਚ ਵਾਰ-ਵਾਰ ਪੈ ਰਹੇ ਵਿਘਨ ’ਤੇ ਚਿੰਤਾ ਪ੍ਰਗਟ ਕੀਤੀ।
ਰਾਸ਼ਟਰੀ ਰਾਜਧਾਨੀ ’ਚ ਵਰਲਡ ਫੋਰਮ ਆਫ਼ ਅਕਾਊਂਟੈਂਟਸ ਦੀ ਕਾਨਫਰੰਸ ’ਚ ਬੋਲਦਿਆਂ ਧਨਖੜ ਨੇ ਕਿਹਾ ਕਿ ਨੌਜਵਾਨਾਂ ਨੂੰ ਹੋਂਦ ਦੀਆਂ ਚੁਣੌਤੀਆਂ ਬਾਰੇ ਚਿੰਤਤ ਹੋਣਾ ਚਾਹੀਦਾ ਹੈ। ਅਸੀਂ ਆਪਣੀ ਚੋਣ ਰਾਜਨੀਤੀ ਨੂੰ ਅਾਬਾਦੀ ਕਾਰਨ ਪ੍ਰਭਾਵਿਤ ਨਹੀਂ ਹੋਣ ਦੇ ਸਕਦੇ। ਇਹ ਚੀਜ਼ਾਂ ਤੁਹਾਡੇ ਲਈ ਅਰਥ ਰੱਖਦੀਆਂ ਹਨ ਕਿਉਂਕਿ ਇਹ ਚੁਣੌਤੀਆਂ ਹਨ ਜਿਨ੍ਹਾਂ ਦਾ ਜਵਾਬ ਤੁਹਾਨੂੰ ਸਮੂਹਿਕ ਤੌਰ ’ਤੇ ਦੇਣਾ ਪਵੇਗਾ।
ਧਨਖੜ ਨੇ ਬਿਨਾਂ ਕੁਝ ਦੱਸੇ ਕਿਹਾ ਕਿ ਇਕ ਸਿਆਣੇ ਵਿਅਕਤੀ ਲਈ ਇਸ਼ਾਰਾ ਕਾਫ਼ੀ ਹੁੰਦਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕੁਝ ਲੋਕ ਤੇ ਸੰਗਠਨ ਦੇਸ਼ ਦੀ ਵਿਕਾਸ ਯਾਤਰਾ ਤੋਂ ਖੁਸ਼ ਨਹੀਂ ਹਨ। ਦੇਸ਼ ’ਚ ਸਨਸਨੀਖੇਜ਼ਤਾ ਫੈਲਾਉਣ ਤੇ ਮਨਘੜਤ ਕਹਾਣੀਆਂ ਘੜਨ ਦਾ ਰੁਝਾਨ ਜਾਰੀ ਹੈ। ਕਹਾਣੀਆਂ ’ਚ ਭਾਰਤੀਅਤਾ ਭੁੱਲ ਜਾਂਦੀ ਹੈ, ਰਾਸ਼ਟਰਵਾਦ ਭੁੱਲ ਜਾਂਦਾ ਹੈ ਤੇ ਰਾਸ਼ਟਰੀ ਹਿੱਤ ਵੀ ਭੁੱਲ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੇਸ਼ ਵਿਰੋਧੀ ਗੱਲਾਂ ਨੂੰ ਖਤਮ ਕਰਨ ਤੇ ਭਾਰਤ ਵਿਰੋਧੀ ਤਾਕਤਾਂ ਨੂੰ ਹਰਾਉਣ ਦੀ ਸ਼ਕਤੀ ਉਨ੍ਹਾਂ ਦੇ ਹੱਥਾਂ ’ਚ ਹੈ।