ਅੱਜ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜੇਗੀ ਅਯੁੱਧਿਆ
Sunday, Nov 25, 2018 - 08:57 AM (IST)

ਆਯੁੱਧਿਆ-ਇਥੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ 25 ਨਵੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਧਰਮ ਸਭਾ ’ਚ 1 ਲੱਖ ਤੋਂ ਵੱਧ ਲੋਕਾਂ ਦੇ ਪੁੱਜਣ ਅਤੇ ਕਿਸੇ ਤਰ੍ਹਾਂ ਦੀ ਅਣਹੋਣੀ ਤੋਂ ਬਚਣ ਲਈ ਆਯੁੱਧਿਆ ਨੂੰ ਇਕ ਕਿਲੇ ਦੇ ਰੂਪ ’ਚ ਤਬਦੀਲ ਕਰ ਦਿੱਤਾ ਗਿਆ ਹੈ। ਹਾਲਾਂਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਥੇ 1992 ਵਰਗੇ ਹਾਲਾਤ ਦਿਖਾਈ ਦੇ ਰਹੇ ਹਨ। ਇਸ ਲਈ ਉਹ ਜ਼ਰੂਰੀ ਸਾਮਾਨ ਖਰੀਦ ਕੇ ਪਹਿਲਾਂ ਤੋਂ ਹੀ ਘਰਾਂ ’ਚ ਰੱਖ ਰਹੇ ਹਨ।
ਸੁਰੱਖਿਆ ਵਿਵਸਥਾ-
ਇਲਾਕੇ ’ਚ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਪੀ. ਐੱਮ. ਸੀ. ਦੀਆਂ 48 ਕੰਪਨੀਆਂ, ਆਰ. ਐੱਫ. ਦੀਆਂ 9 ਕੰਪਨੀਆਂ, 30 ਐੱਸ. ਪੀ., 350 ਸਬ ਇੰਸਪੈਕਟਰ, 175 ਹੈੱਡ ਕਾਂਸਟੇਬਲ, 1350 ਕਾਂਸਟੇਬਲ ਤਾਇਨਾਤ ਕਰਨ ਦੇ ਨਾਲ ਹੀ ਨਿਗਰਾਨੀ ਲਈ 2 ਡ੍ਰੋਨ ਲਗਾਏ ਗਏ ਹਨ। ਪ੍ਰਸ਼ਾਸਨ ਨੇ ਕਸਬੇ ਨੂੰ 7 ਜ਼ੋਨਾਂ ਅਤੇ 15 ਸੈਕਟਰਾਂ ’ਚ ਵੰਡਿਆ ਹੈ। ਇਥੇ ਕੁਲ ਮਿਲਾ ਕੇ 1 ਲੱਖ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
4 ਸਾਲ ਤੋਂ ਸੁੱਤੇ ਕੁੰਭਕਰਨ ਨੂੰ ਜਗਾਉਣ ਲਈ ਆਇਆ ਹਾਂ-
ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਸ਼ਨੀਵਾਰ ਅਯੁੱਧਿਆ ਪੁੱਜੇ। ਉਨ੍ਹਾਂ ਕਿਹਾ ਕਿ ਮੈਂ 4 ਸਾਲ ਤੋਂ ਸੁੱਤੇ ਕੁੰਭਕਰਨ ਨੂੰ ਜਗਾਉਣ ਲਈ ਆਇਆ ਹਾਂ। ਅਸੀਂ ਸਭ ਮਿਲ ਕੇ ਜੇ ਮੰਦਰ ਬਣਾਵਾਂਗੇ ਤਾਂ ਉਹ ਜਲਦੀ ਹੀ ਮੁਕੰਮਲ ਹੋ ਜਾਏਗਾ। ਜੇ ਕੋਈ ਮੰਦਰ ਬਣਾ ਸਕਦਾ ਹੈ ਤਾਂ ਉਹ ਸਿਹਰਾ ਵੀ ਲੈ ਸਕਦਾ ਹੈ। ਊਧਵ ਨੇ ਕਿਹਾ ਕਿ ਸਾਨੂੰ ਮੰਦਰ ਬਣਾਉਣ ਦੀ ਮਿਤੀ ਚਾਹੀਦੀ ਹੈ, ਬਾਕੀ ਗੱਲਾਂ ਬਾਅਦ ਵਿਚ ਹੁੰਦੀਆਂ ਰਹਿਣਗੀਆਂ। ਊਧਵ ਨੇ ਕਿਹਾ ਕਿ ਹਰ ਹਿੰਦੂ ਦੀ ਇਹ ਇੱਛਾ ਹੈ ਕਿ ਮੰਦਰ ਜਲਦੀ ਤੋਂ ਜਲਦੀ ਬਣੇ। ਜੇ ਮੋਦੀ ਰਾਮ ਮੰਦਰ ’ਤੇ ਆਰਡੀਨੈਂਸ ਲਿਆਉਂਦੇ ਹਨ ਤਾਂ ਸ਼ਿਵ ਸੈਨਾ ਯਕੀਨੀ ਤੌਰ ’ਤੇ ਹਮਾਇਤ ਕਰੇਗੀ।