ਵੀ.ਐੱਚ.ਪੀ. ਦਾ ਵੱਡਾ ਐਲਾਨ, ''4 ਮਹੀਨੇ ਤਕ ਨਹੀਂ ਕਰਾਂਗੇ ਰਾਮ ਮੰਦਰ ਲਈ ਅੰਦੋਲਨ''
Tuesday, Feb 05, 2019 - 09:07 PM (IST)

ਨਵੀਂ ਦਿੱਲੀ— ਦਿੱਲੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮੰਗਲਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੇ ਸੰਯੁਕਤ ਮਹਾਮੰਤਰੀ ਸੁਰੇਂਦਰ ਜੈਨ ਰਾਮ ਨੇ ਰਾਮ ਮੰਦਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਚਾਰ ਮਹੀਨੇ ਤਕ ਰਾਮ ਮੰਦਰ ਲਈ ਅੰਦੋਲਨ 'ਤੇ ਰੋਕ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ, 'ਹੁਣ ਕੋਈ ਉਂਗਲੀ ਨਹੀਂ ਚੁੱਕ ਸਕੇਗਾ ਕਿ ਕਿਸੇ ਖਾਸ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ।'
ਸੁਰੇਂਦਰ ਜੈਨ ਨੇ ਕਿਹਾ ਕਿ ਰਾਜਨੀਤਕ ਵਾਤਾਵਰਣ ਸਾਫ ਸੁਥਰਾ ਰਹੇ ਇਸ ਲਈ ਅਜਿਹੈ ਫੈਸਲਾ ਲਿਆ ਗਿਆ ਹੈ। ਸਾਰਿਆਂ ਨੂੰ ਪਤਾ ਹੈ ਕਿ ਧਰਮ ਸੰਸਦ ਹੈ, ਜਿਸ ਦਾ ਸਬੰਧ ਵੀ.ਐੱਚ.ਪੀ. ਨਾਲ ਹੈ। ਜੋ 1984 ਤੋਂ ਅੰਦੋਲਨ ਕਰ ਰਹੀ ਹੈ। ਰਾਮ ਮੰਦਰ ਦਾ ਨਿਰਮਾਣ ਵੀ ਇਹੀ ਕਰੇਗੀ। ਬਾਕੀ ਤਾਂ ਉਸ ਦੀ ਨਕਲ ਕਰ ਰਹੇ ਹਨ। ਭਾਜਪਾ ਸਰਕਾਰ ਦੀ ਨੀਤ ਸਾਫ ਹੈ।
ਇਸ ਤੋਂ ਪਹਿਲਾਂ 30 ਜਨਵਰੀ ਨੂੰ ਸਰਕਾਰ ਨੂੰ ਸਿੱਧੇ ਚੁਣੌਤੀ ਦਿੰਦੇ ਹੋਏ ਪਰਮ ਧਰਮ ਸੰਸਦ ਨੇ ਅਯੁੱਧਿਆ 'ਚ ਰਾਮ ਮੰਦਰ ਬਣਾਉਣ ਦਾ ਐਲਾਨ ਕੀਤਾ ਸੀ। ਪਰਮ ਧਰਮ ਸੰਸਦ ਦੇ ਪ੍ਰਮੁੱਖ ਸੰਤ ਸਵਰੂਪਾਨੰਦ ਸਰਸਵਤੀ ਨੇ ਕਿਹਾ ਸੀ ਕਿ 21 ਫਰਵਰੀ ਨੂੰ ਅਯੁੱਧਿਆ 'ਚ ਮੰਦਰ ਦੀ ਨੀਂਹ ਰੱਖੀ ਜਾਵੇਗੀ। ਸੰਤ ਸਵਰੂਪਾਨੰਦ ਸਰਸਵਤੀ ਨੇ ਕਿਹਾ ਸੀ, 'ਰਾਮ ਜਨਮ ਭੂਮੀ ਲਈ ਬਲੀਦਾਨ ਦੇਣ ਦਾ ਸਮਾਂ ਆ ਗਿਆ ਹੈ। ਮੰਦਰ ਲਈ ਸ਼ਾਂਤੀਪੂਰਨ ਤੇ ਅਹਿੰਸਕ ਅੰਦੋਲਨ ਚਲਾਇਆ ਜਾਵੇਗਾ। ਬਸੰਤ ਪੰਚਮੀ ਤੋਂ ਬਾਅਦ ਅਸੀਂ ਸਾਰੇ ਅਯੁੱਧਿਆ ਜਾਵਾਂਗੇ। ਜੇਕਰ ਸਾਨੂੰ ਰੋਕਿਆ ਗਿਆ ਤਾਂ ਅਸੀਂ ਗੋਲੀ ਖਾਣ ਲਈ ਵੀ ਤਿਆਰ ਹਾਂ।' ਜ਼ਿਕਰਯੋਗ ਹੈ ਕਿ ਅਯੁੱਧਿਆ 'ਚ ਮੰਦਰ ਨਿਰਮਾਣ ਦਾ ਮੁੱਦਾ ਫਿਲਹਾਲ ਸੁਪਰੀਮ ਕੋਰਟ 'ਚ ਲਟਕਿਆ ਹੈ। 29 ਜਨਵਰੀ ਨੂੰ ਇਸ ਮਾਮਲੇ 'ਚ ਸੁਣਵਾਈ ਹੋਣੀ ਸੀ ਪਰ 5 ਜੱਜਾਂ ਦੀ ਬੈਂਚ 'ਚ ਜਸਟਿਸ ਐੱਚ.ਏ. ਬੋਬੜੇ ਦੀ ਗੈਰ-ਹਾਜ਼ਰੀ ਦੇ ਚੱਲਦਿਆਂ ਸੁਣਵਾਈ ਨੂੰ ਟਾਲ ਦਿੱਤਾ ਗਿਆ।