ਮੈਨਪੁਰੀ ਕਤਲੇਆਮ ’ਚ 44 ਸਾਲ ਬਾਅਦ ਆਇਆ ਫੈਸਲਾ
Thursday, Mar 13, 2025 - 04:23 AM (IST)

ਮੈਨਪੁਰੀ (ਭਾਸ਼ਾ) - ਦਿਹੁਲੀ ਪਿੰਡ ਵਿਚ ਡਾਕੂਆਂ ਦੇ ਇਕ ਗਿਰੋਹ ਵੱਲੋਂ 24 ਦਲਿਤ ਵਿਅਕਤੀਆਂ ਦੀ ਹੱਤਿਆ ਦੇ 44 ਸਾਲ ਬਾਅਦ ਇਕ ਸਥਾਨਕ ਅਦਾਲਤ ਨੇ ਇਸ ਭਿਆਨਕ ਕਤਲੇਆਮ ਵਿਚ ਸ਼ਾਮਲ ਹੋਣ ਦੇ ਦੋਸ਼ ’ਚ 3 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਜ਼ਿਲਾ ਸਰਕਾਰੀ ਵਕੀਲ ਪੁਸ਼ਪੇਂਦਰ ਸਿੰਘ ਚੌਹਾਨ ਨੇ ਕਿਹਾ ਕਿ ਮੰਗਲਵਾਰ ਨੂੰ ਵਿਸ਼ੇਸ਼ ਜੱਜ ਇੰਦਰਾ ਸਿੰਘ ਨੇ ਕਪਤਾਨ ਸਿੰਘ, ਰਾਮ ਪਾਲ ਅਤੇ ਰਾਮ ਸੇਵਕ ਨੂੰ ਦਿਹੁਲੀ ਦਲਿਤ ਕਤਲੇਆਮ ਵਿਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਪਾਇਆ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀਆਂ ਨੂੰ ਸਜ਼ਾ 18 ਮਾਰਚ ਨੂੰ ਸੁਣਾਈ ਜਾਵੇਗੀ।
ਚੌਹਾਨ ਨੇ ਕਿਹਾ ਕਿ ਇਹ ਕਤਲੇਆਮ 18 ਨਵੰਬਰ, 1981 ਨੂੰ ਹੋਇਆ ਸੀ, ਜਦੋਂ ਸੰਤੋਸ਼ ਸਿੰਘ (ਉਰਫ ਸੰਤੋਸ਼) ਅਤੇ ਰਾਧੇ ਸ਼ਿਆਮ (ਉਰਫ ਰਾਧੇ) ਦੀ ਅਗਵਾਈ ਵਿਚ ਡਾਕੂਆਂ ਦੇ ਇਕ ਗਿਰੋਹ ਨੇ ਜਸਰਾਨਾ ਥਾਣਾ ਖੇਤਰ ਵਿਚ ਸਥਿਤ ਦਿਹੁਲੀ ਪਿੰਡ ਵਿਚ ਦਲਿਤ ਭਾਈਤਚਾਰੇ ’ਤੇ ਹਮਲਾ ਕੀਤਾ ਸੀ, ਜੋ ਉਸ ਸਮੇਂ ਮੈਨਪੁਰੀ ਜ਼ਿਲੇ ਦਾ ਹਿੱਸਾ ਸੀ। ਹਮਲਾਵਰਾਂ ਨੇ ਔਰਤਾਂ ਅਤੇ ਬੱਚਿਆਂ ਸਮੇਤ 24 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਨ੍ਹਾਂ ਦਾ ਸਾਮਾਨ ਲੁੱਟ ਲਿਆ ਸੀ। ਸਥਾਨਕ ਨਿਵਾਸੀ ਲਾਇਕ ਸਿੰਘ ਨੇ 19 ਨਵੰਬਰ, 1981 ਨੂੰ ਇਕ ਐੱਫ. ਆਰ. ਆਈ. ਦਰਜ ਕਰਵਾਈ ਸੀ ਅਤੇ ਵਿਸਥਾਰਤ ਜਾਂਚ ਤੋਂ ਬਾਅਦ ਗਿਰੋਹ ਦੇ ਮੁਖੀਆਂ ਸੰਤੋਸ਼ ਤੇ ਰਾਧੇ ਸਮੇਤ 17 ਡਾਕੂਆਂ ਖਿਲਾਫ ਚਾਰਜਸ਼ਿਟ ਪੇਸ਼ ਕੀਤੀ ਗਈ ਸੀ।
ਮੁਕੱਦਮੇ ਦੌਰਾਨ ਸੰਤੋਸ਼ ਤੇ ਰਾਧੇ ਸਮੇਤ 17 ਮੁਲਜ਼ਮਾਂ ਵਿਚੋਂ 13 ਦੀ ਮੌਤ ਹੋ ਗਈ। ਬਾਕੀ 4 ਵਿਚੋਂ ਇਕ ਅਜੇ ਵੀ ਫਰਾਰ ਹੈ, ਜਦਕਿ ਕਪਤਾਨ ਸਿੰਘ, ਰਾਮ ਸੇਵਕ ਅਤੇ ਰਾਮ ਪਾਲ ਨੇ ਮੁਕੱਦਮੇ ਦਾ ਸਾਹਮਣਾ ਕੀਤਾ। ਇਸ ਤ੍ਰਾਸਦੀ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਸੰਵੇਦਨਾ ਪ੍ਰਗਟ ਕਰਨ ਲਈ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ, ਜਦਕਿ ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਅਟਲ ਬਿਹਾਰ ਵਾਜਪਾਈ ਨੇ ਪੀੜਤ ਪਰਿਵਾਰਾਂ ਨਾਲ ਆਪਣੀ ਇਕਜੁਟਤਾ ਦਿਖਾਉਣ ਲਈ ਫਿਰੋਜ਼ਾਬਾਦ ਦੇ ਦਿਹੁਲੀ ਤੋਂ ਸਦੁਪੁਰ ਤੱਕ ਪੈਦਰ ਯਾਤਰਾ ਕੀਤੀ ਸੀ।