ਕੋਵਿਡ-19 ਨਾਲ ਜੂਝਦੇ ਮਰੀਜ਼ਾਂ ਦੀ ਜਾਨ ਬਚਾਉਣ ਦੌੜ ਰਹੀ ‘‘ਵੈਂਟੀਲੇਟਰ ਐਕਸਪ੍ਰੈੱਸ’

Sunday, May 23, 2021 - 06:28 PM (IST)

ਇੰਦੌਰ (ਭਾਸ਼ਾ)— ਕੋਵਿਡ-19 ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਇੰਦੌਰ ਦੇ ਤਿੰਨ ਇੰਜੀਨੀਅਰਾਂ ਦੀ ਟੀਮ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਵੈਂਟੀਲੇਟਰ ਨਾਲ ਜੁੜੀ ਤਕਨੀਕੀ ਸੇਵਾ ਮੁਫ਼ਤ ਉਪਲੱਬਧ ਕਰਾਉਣ ਦੀ ਮੁਹਿੰਮ ’ਚ ਜੁੱਟੀ ਹੈ। ਸੋਸ਼ਲ ਮੀਡੀਆ ’ਤੇ ‘ਵੈਂਟੀਲੇਟਰ ਐਕਸਪ੍ਰੈੱਸ’ ਦੇ ਰੂਪ ਵਿਚ ਮਸ਼ਹੂਰ ਹੋ ਰਹੀ ਟੀਮ ਇਸ ਮੁਹਿੰਮ ਤਹਿਤ ਨਾ ਸਿਰਫ਼ ਕੇਂਦਰ ਸਰਕਾਰ ਦੇ ਪੀ. ਐੱਮ. ਕੇਅਰਸ ਫੰਡ ਤਹਿਤ ਭੇਜੇ ਗਏ ਨਵੇਂ ਵੈਂਟੀਲੇਟਰ ਲਾ ਰਹੀ, ਸਗੋਂ ਪੁਰਾਣੇ ਵੈਂਟੀਲੇਟਰਾਂ ਦੀ ਮੁਰੰਮਤ ਕਰ ਕੇ ਇਨ੍ਹਾਂ ਨੂੰ ਮੁੜ ਸ਼ੁਰੂ ਵੀ ਕਰ ਰਹੀ ਹੈ। 

PunjabKesari

ਮਹਾਮਾਰੀ ਦੀ ਦੂਜੀ ਲਹਿਰ ਦੇ ਕਹਿਰ ਦਰਮਿਆਨ ਪਿਛਲੇ ਡੇਢ ਮਹੀਨੇ ਦੌਰਾਨ ਸੂਬੇ ਵਿਚ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀ ਇਸ ਟੀਮ ਵਿਚ ਇੰਦੌਰ ਦੇ ਤਿੰਨ ਇੰਜੀਨੀਅਰ- ਪੰਕਜ ਸ਼ੀਰਸਾਗਰ, ਚਿਰਾਗ ਸ਼ਾਹ ਅਤੇ ਸ਼ੈਲੇਂਦਰ ਸਿੰਘ ਸ਼ਾਮਲ ਹਨ। ਪੰਕਜ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਇੰਦੌਰ ਦੇ ਨਾਲ ਧਾਰ, ਸ਼ਾਜਾਪੁਰ, ਸਾਗਰ, ਦਮੋਹ, ਕਟਨੀ, ਮੰਡਲਾ ਅਤੇ ਸ਼ਹਿਡੋਲ ਜ਼ਿਲ੍ਹਿਆਂ ਵਿਚ ਆਪਣੀ ਤਕਨੀਕੀ ਸੇਵਾਵਾਂ ਦੇ ਚੁੱਕੀ ਹੈ। ਉਨ੍ਹਾਂ ਆਖਿਆ ਕਿ ਬੀਤੇ ਡੇਢ ਮਹੀਨੇ ਦੌਰਾਨ ਅਸੀਂ ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਕਰੀਬ 100 ਵੈਂਟੀਲੇਟਰ ਸ਼ੁਰੂ ਕਰ ਚੁੱਕੇ ਹਾਂ। ਇਨ੍ਹਾਂ ਵਿਚ ਪੀ. ਐੱਮ. ਕੇਅਰਸ ਫੰਡ ਤਹਿਤ ਭੇਜੇ ਗਏ ਨਵੇਂ ਵੈਂਟੀਲੇਟਰ ਸਥਾਪਤ ਕਰਨ ਦੇ ਨਾਲ ਹੀ ਪੁਰਾਣੇ ਵੈਂਟੀਲੇਟਰਾਂ ਦੀ ਮੁਰੰਮਤ ਦਾ ਕੰਮ ਸ਼ਾਮਲ ਹੈ। 

ਪੰਕਜ ਨੇ ਅੱਗੇ ਦੱਸਿਆ ਕਿ ਅਸੀਂ ਕੋਵਿਡ-19 ਖ਼ਿਲਾਫ਼ ਜਾਰੀ ਜੰਗ ਵਿਚ ਬਤੌਰ ਭਾਰਤੀ ਨਾਗਰਿਕ ਆਪਣੀ ਛੋਟੀ ਜਿਹੀ ਭੂਮਿਕਾ ਨਿਭਾ ਰਹੇ ਹਾਂ। ਵੈਂਟੀਲੇਟਰਾਂ ਨਾਲ ਜੁੜੀ ਤਕਨੀਕੀ ਸੇਵਾਵਾਂ ਦੇ ਬਦਲੇ ਕੋਈ ਫੀਸ ਨਹੀਂ ਲੈਂਦੇ। ‘ਵੈਂਟੀਲੇਟਰ ਐਕਸਪ੍ਰੈੱਸ’ ਦੇ ਪੰਕਜ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਾਡੀ ਮੁਹਿੰਮ ਦੀ ਜਾਣਕਾਰੀ ਫੈਲਣ ਤੋਂ ਬਾਅਦ ਸਾਨੂੰ ਮਹਾਰਾਸ਼ਟਰ ਦੇ ਨਾਸਿਕ ਅਤੇ ਕਰਨਾਟਕ ਦੇ ਹੁਬਲੀ ਦੇ ਹਸਪਤਾਲਾਂ ਤੋਂ ਵੀ ਬੁਲਾਵਾ ਆਇਆ ਹੈ।


Tanu

Content Editor

Related News