ਰੋਹਤਾਂਗ ਦੱਰੇ ’ਚ ਐਂਬੂਲੈਂਸ ਸਣੇ ਕਈ ਵਾਹਨ ਬਰਫਬਾਰੀ ’ਚ ਫਸੇ
Friday, Nov 15, 2019 - 11:15 AM (IST)
ਮਨਾਲੀ (ਸੋਨੂੰ)–ਹਿਮਾਚਲ ਪ੍ਰਦੇਸ਼ ’ਚ ਵੀਰਵਾਰ ਨੂੰ ਰੋਹਤਾਂਗ ਦੱਰੇ ਸਣੇ ਲਾਹੌਲ-ਸਪਿਤੀ, ਕਿੰਨੌਰ ਅਤੇ ਚੰਬਾ ਜ਼ਿਲਿਆਂ ਦੇ ਪਹਾੜਾਂ ’ਤੇ ਬਰਫ ਡਿੱਗੀ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਸੂਬੇ ਦੇ ਹੋਰ ਖੇਤਰਾਂ ’ਚ ਭਾਰੀ ਮੀਂਹ ਅਤੇ ਗੜੇਮਾਰੀ ਤੇ ਬਰਫਬਾਰੀ ਦਾ ਯੈਲੋ ਅਲਰਟ ਜਾਰੀ ਕੀਤਾ। ਰੋਹਤਾਂਗ ਦੱਰੇ ’ਚ ਲਗਾਤਾਰ ਹੋ ਰਹੀ ਬਰਫਬਾਰੀ ਨਾਲ ਐਂਬੂਲੈਂਸ ਸਣੇ 2 ਦਰਜਨ ਵਾਹਨ ਫਸ ਗਏ। ਸਵੇਰ ਤੋਂ ਹੀ ਰੋਹਤਾਂਗ ਦੱਰੇ ’ਚ ਵਾਹਨਾਂ ਦੀ ਆਵਾਜਾਈ ਚਲ ਰਹੀ ਸੀ ਪਰ ਦੁਪਹਿਰ ਤੋਂ ਬਾਅਦ ਦੱਰੇ ’ਚ ਬਰਫਬਾਰੀ ਤੇਜ਼ ਹੋ ਗਈ, ਨਾਲ ਹੀ ਦੱਰੇ ’ਚ ਬਰਫੀਲੀ ਹਵਾ ਵੀ ਤੇਜ਼ ਹੋ ਗਈ, ਜਿਸ ਕਾਰਣ ਸੜਕਾਂ ’ਤੇ ਬਰਫ ਦੇ ਢੇਰ ਲੱਗ ਗਏ। ਹਾਲਾਂਕਿ ਪਹਿਲੇ 128 ਵਾਹਨ ਦੱਰਾ ਪਾਰ ਕਰ ਗਏ ਸਨ, ਪਰ ਬਰਫ ਸੜਕ ’ਤੇ ਆਉਣ ਜਾਣ ਕਾਰਣ ਵਾਹਨਾਂ ਦੇ ਫਸਣ ਦਾ ਕ੍ਰਮ ਸ਼ੁਰੂ ਹੋ ਗਿਆ। ਲਾਹੌਲ ਤੋਂ ਮਨਾਲੀ ਆ ਰਹੇ ਜ਼ਿਆਦਾਤਰ ਵਾਹਨ ਸੁਰੱਖਿਅਤ ਪਹੁੰਚ ਗਏ, ਪਰ ਕੁਝ ਰਾਹਨੀਨਾਲਾ ਕੋਲ ਫਸ ਗਏ।