ਅਯੁੱਧਿਆ ਛਾਉਣੀ ਤੋਂ ਆਨੰਦ ਵਿਹਾਰ ਆਉਣ ਵਾਲੀ ਵੰਦੇ ਭਾਰਤ ਟਰੇਨ ਹੋਈ ਕਈ ਘੰਟੇ ਲੇਟ

Monday, Sep 09, 2024 - 09:25 PM (IST)

ਅਯੁੱਧਿਆ, (ਵਿਸ਼ੇਸ਼)- ਅਯੁੱਧਿਆ ਛਾਉਣੀ ਤੋਂ ਆਨੰਦ ਵਿਹਾਰ (ਦਿੱਲੀ) ਵਿਚਕਾਰ ਚੱਲਣ ਵਾਲੀ 22425 ਵੰਦੇ ਭਾਰਤ ਟਰੇਨ ਦੇ ਅੱਜ ਕਰੀਬ ਢਾਈ ਘੰਟੇ ਦੇਰੀ ਨਾਲ ਚੱਲਣ ਕਾਰਨ ਅਯੁੱਧਿਆ ਛਾਉਣੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਆਨੰਦ ਵਿਹਾਰ ਤੋਂ ਆਉਣ ਵਾਲੀ ਵੰਦੇ ਭਾਰਤ ਦਾ ਅਯੁੱਧਿਆ ਛਾਉਣੀ ਰੇਲਵੇ ਸਟੇਸ਼ਨ ’ਤੇ ਪਹੁੰਚਣ ਦਾ ਸਮਾਂ ਦੁਪਹਿਰ 2:30 ਵਜੇ ਅਤੇ ਰਵਾਨਗੀ ਦਾ ਸਮਾਂ ਦੁਪਹਿਰ 3:20 ਵਜੇ ਹੈ। ਪਰ ਅੱਜ ਇਹ ਟਰੇਨ ਸ਼ਾਮ 5:05 ਵਜੇ ਦੇ ਕਰੀਬ ਅਯੁੱਧਿਆ ਛਾਉਣੀ ਰੇਲਵੇ ਸਟੇਸ਼ਨ ਪਹੁੰਚੀ ਅਤੇ ਸਫ਼ਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਸ਼ਾਮ 5:50 ਵਜੇ ਹੀ ਉਥੋਂ ਰਵਾਨਾ ਹੋ ਸਕੀ।

ਇਸ ਟਰੇਨ ਰਾਹੀਂ ਦਿੱਲੀ ਵੱਲ ਆਉਣ ਵਾਲੇ 500 ਤੋਂ ਵੱਧ ਯਾਤਰੀ ਦੁਪਹਿਰ ਸਮੇਂ ਅਯੁੱਧਿਆ ਛਾਉਣੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਸਨ ਅਤੇ ਜਦੋਂ ਉਨ੍ਹਾਂ ਨੂੰ ਟਰੇਨ ਦੇ ਨਿਰਧਾਰਿਤ ਸਮੇਂ ਦੀ ਸੂਚਨਾ ਮਿਲੀ , ਓਦੋਂ ਤੱਕ ਸਾਰੇ ਯਾਤਰੀ ਸਟੇਸ਼ਨ ’ਤੇ ਪਹੁੰਚ ਚੁੱਕੇ ਸਨ।

ਅਯੁੱਧਿਆ ਛਾਉਣੀ ਸਟੇਸ਼ਨ ’ਤੇ ਵੰਦੇ ਭਾਰਤ ਅਤੇ ਗੱਡੀਆਂ ਦੇ ਯਾਤਰੀਆਂ ਦੀ ਭੀੜ ਜਮ੍ਹਾ ਹੋਣ ਤੋਂ ਜ਼ਿਆਦਾਤਰ ਯਾਤਰੀਆਂ ਨੂੰ ਬੈਠਣ ਲਈ ਥਾਂ ਨਹੀਂ ਮਿਲੀ ਅਤੇ ਸਟੇਸ਼ਨ ਸੁਪਰਡੈਂਟ ਦੇ ਦਫ਼ਤਰ ਵੱਲੋਂ ਇਸਦੀ ਵਿਵਸਥਾ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਸਾਰੇ ਯਾਤਰੀਆਂ ਖਾਸ ਤੌਰ ’ਤੇ ਸੀਨੀਅਰ ਨਾਗਰਿਕਾਂ ਨੂੰ ਗਰਮੀ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਟੇਸ਼ਨ ’ਤੇ ਠੰਡੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਦਿਖਿਆ।

ਆਮ ਤੌਰ ’ਤੇ 1 ਨੰਬਰ ਪਲੇਟਫਾਰਮ ’ਤੇ ਆਉਣ ਵਾਲੀ ਇਸ ਟਰੇਨ ਦੇ ਪਲੇਟਫਾਰਮ ਨੂੰ ਸ਼ਾਮ ਲੱਗਭਗ ਪੌਣੇ 5 ਵਜੇ ਅਚਾਨਕ ਹੀ ਬਦਲ ਕੇ 1 ਤੋਂ 2 ਨੰਬਰ ਪਲੇਟਫਾਰਮ ਕਰ ਦਿੱਤਾ ਗਿਆ, ਜਿਸ ਨਾਲ ਯਾਤਰੀਆਂ ’ਚ ਹਫੜਾ-ਦਫ਼ੜੀ ਮਚ ਗਈ ਅਤੇ ਉਹ ਆਪਣਾ ਸਾਮਾਨ ਲੈ ਕੇ 2 ਨੰਬਰ ਪਲੇਟਫਾਰਮ ਵੱਲ ਭੱਜੇ।

ਇਸ ਟਰੇਨ ਰਾਹੀਂ ਦਿੱਲੀ ਆ ਰਹੇ ਯਾਤਰੀਆਂ ਰਚਨਾ, ਭਾਸਕਰ ਅਤੇ ਅਦਿਤੀ ਨੇ ‘ਜਗ ਬਾਣੀ’ ਨੂੰ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਸਮੇਂ-ਸਮੇਂ ’ਤੇ ਆਧੁਨਿਕ ਤਕਨੀਕ ਨਾਲ ਜੁਡ਼ਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਇਸ ਦੀ ਲੋੜ ਪੈਂਦੀ ਹੈ ਤਾਂ ਰੇਲਵੇ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ, ਕਿਉਂਕਿ ਜੇ ਯਾਤਰੀਆਂ ਨੂੰ ਵੰਦੇ ਭਾਰਤ ਦੇ ਅਯੁੱਧਿਆ ਛਾਉਣੀ ਰੇਲਵੇ ਸਟੇਸ਼ਨ ’ਤੇ ਦੇਰੀ ਨਾਲ ਪੁੱਜਣ ਦੀ ਸੂਚਨਾ ਟਾਈਮ ਸਿਰ ਮਿਲ ਜਾਂਦੀ ਤਾਂ ਬਹੁਤ ਸਾਰੇ ਯਾਤਰੀ ਸਟੇਸ਼ਨ ’ਤੇ ਉਸੇ ਅਨੁਸਾਰ ਆਉਂਦੇ ਅਤੇ ਭਾਰੀ ਗਰਮੀ ’ਚ ਬੇਵਜ੍ਹਾ ਪ੍ਰੇਸ਼ਾਨੀ ਝੱਲਣ ਤੋਂ ਜ਼ਰੂਰ ਬਚ ਜਾਂਦੇ।

ਇਸ ਦਰਮਿਆਨ ਦੱਸਿਆ ਗਿਆ ਕਿ ਦਿੱਲੀ ਤੋਂ ਚੱਲੀ ਇਕ ਹੋਰ ਵੰਦੇ ਭਾਰਤ ਟਰੇਨ ’ਚ ਰਸਤੇ ’ਚ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਆਨੰਦ ਵਿਹਾਰ ਤੋਂ ਅਯੁੱਧਿਆ ਛਾਉਣੀ ਆਉਣ ਵਾਲੀ 22426 ਵੰਦੇ ਭਾਰਤ ਟਰੇਨ ਦੇ ਸਮੇਂ ’ਤੇ ਪੁੱਜਣ ’ਚ ਕਈ ਘੰਟਿਆਂ ਦੀ ਦੇਰੀ ਹੋਈ।


Rakesh

Content Editor

Related News