ਵੈਸ਼ਣੋ ਦੇਵੀ ਯਾਤਰਾ : ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਸੇਵਾ ਪ੍ਰਭਾਵਿਤ, ਬੁਕਿੰਗ ਵਾਲੇ ਸ਼ਰਧਾਲੂਆਂ ਨੂੰ ਹੋਈ ਪ੍ਰੇਸ਼ਾਨੀ
Wednesday, May 04, 2022 - 11:34 AM (IST)
ਕਟੜਾ (ਅਮਿਤ)- ਮੌਸਮ ਵਿਚ ਅਚਾਨਕ ਹੋਏ ਬਦਲਾਅ ਕਾਰਨ ਮੰਗਲਵਾਰ ਨੂੰ ਕਟੜਾ ਸਮੇਤ ਤ੍ਰਿਪੁਰਾ ਪਰਬਤ ’ਤੇ ਦਿਨ ਭਰ ਤੇਜ਼ ਹਵਾਵਾਂ ਦਾ ਚੱਲਣਾ ਜਾਰੀ ਰਿਹਾ, ਜਿਸ ਕਾਰਨ ਕਟੜਾ ਤੋਂ ਸਾਂਝੀ ਛੱਤ ਦਰਮਿਆਨ ਚੱਲਣ ਵਾਲੀ ਹੈਲੀਕਾਪਟਰ ਸੇਵਾ ਪ੍ਰਭਾਵਿਤ ਰਹੀ, ਜਿਸ ਕਾਰਨ ਪਹਿਲਾਂ ਤੋਂ ਹੈਲੀਕਾਪਟਰ ਟਿਕਟ ਦੀ ਬੁਕਿੰਗ ਕਰਵਾ ਕੇ ਪੁੱਜੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸ਼ਰਧਾਲੂ ਘੰਟਿਆਂ ਸੇਰਲੀ ਹੈਲੀਪੈਡ ’ਤੇ ਮੌਸਮ ਸਾਫ਼ ਹੋਣ ਅਤੇ ਤੇਜ਼ ਹਵਾਵਾਂ ਦੇ ਰੁਕਣ ਦਾ ਇੰਤਜ਼ਾਰ ਕਰਦੇ ਰਹੇ। ਉਥੇ ਹੀ ਦੇਰ ਸ਼ਾਮ ਤੱਕ ਤੇਜ਼ ਹਵਾ ਘੱਟ ਨਾ ਹੋਣ ਕਾਰਨ ਬਹੁਤ ਸਾਰੇ ਸ਼ਰਧਾਲੂਆਂ ਨੇ ਪੈਦਲ ਹੀ ਯਾਤਰਾ ਸ਼ੁਰੂ ਕਰ ਦਿੱਤੀ। ਹਾਲਾਂਕਿ ਮੌਸਮ ਵਿਚ ਹੋਏ ਬਦਲਾਅ ਕਾਰਨ ਗਰਮੀ ਤੋਂ ਕਾਫ਼ੀ ਹੱਦ ਤੱਕ ਰਾਹਤ ਮਹਿਸੂਸ ਕੀਤੀ ਗਈ। ਦੂਜੇ ਪਾਸੇ ਮੁਸਲਿਮ ਭਾਈਚਾਰੇ ਦੇ ਤਿਓਹਾਰ ਈਦ ਕਾਰਨ ਸ਼ਰਧਾਲੂਆਂ ਨੂੰ ਘੋੜਾ ਆਦਿ ਵੀ ਨਹੀਂ ਮਿਲਿਆ। ਸ਼ਰਧਾਲੂ ਵੈਸ਼ਣੋ ਦੇਵੀ ਯਾਤਰਾ ਮਾਰਗ ਦੇ ਮੁੱਖ ਪੜਾਅ ਬਾਣਗੰਗਾ ’ਤੇ ਘੰਟਿਆਂ ਤੱਕ ਘੋੜਾ ਚਾਲਕਾਂ ਨੂੰ ਲੱਭਦੇ ਰਹੇ। ਕਈ ਸ਼ਰਧਾਲੂਆਂ ਨੇ ਘੋੜੇ ਦੀ ਸਹੂਲਤ ਨਾ ਮਿਲਣ ਕਾਰਨ ਮੰਗਲਵਾਰ ਨੂੰ ਵੈਸ਼ਣੋ ਦੇਵੀ ਯਾਤਰਾ ਰੱਦ ਕਰ ਦਿੱਤੀ।