ਉੱਤਰਾਖੰਡ ''ਚ ਆਵੇਗਾ ਨਵਾਂ ਨਿਕਾਹਨਾਮਾ ! ਹੁਣ ਸਿਰਫ਼ ਰਜਿਸਟਰਡ ਕਾਜ਼ੀ ਹੀ ਪੜ੍ਹਾ ਸਕਣਗੇ ਨਿਕਾਹ
Tuesday, Sep 08, 2026 - 04:58 PM (IST)
ਨੈਸ਼ਨਲ ਡੈਸਕ- ਯੂਨੀਵਰਸਲ ਸਿਵਲ ਕੋਡ (ਯੂ.ਸੀ.ਸੀ.) ਲਾਗੂ ਹੋਣ ਤੋਂ ਬਾਅਦ ਹੁਣ ਉਸ ਦੇ ਉਪਬੰਧਾਂ ਦੇ ਅਨੁਕੂਲ ਉੱਤਰਾਖੰਡ ਵਕਫ਼ ਬੋਰਡ ਨੇ ਪ੍ਰਦੇਸ਼ ’ਚ ਇਕ ਨਵੇਂ ਨਿਕਾਹਨਾਮੇ ਦਾ ਖਰੜਾ ਤਿਆਰ ਕੀਤਾ ਹੈ ਜਿਸ ਹੇਠ ਸਿਰਫ ਰਜਿਸਟਰਡ ਕਾਜ਼ੀ ਜਾਂ ਮੌਲਾਨਾ ਹੀ ਨਿਕਾਹ ਪੜ੍ਹਵਾ ਸਕਣਗੇ ਅਤੇ ਇਸ ਨਾਲ ਸਿਰਫ਼ ਵਿਆਹ ਲਈ ਧਰਮ ਪਰਿਵਰਤਨ ਦੇ ਮਾਮਲਿਆਂ ’ਤੇ ਵੀ ਰੋਕ ਲੱਗ ਸਕੇਗੀ।
ਰਾਜ ਵਕਫ਼ ਬੋਰਡ ਦੇ ਪ੍ਰਧਾਨ ਸ਼ਾਦਾਬ ਸ਼ਮਸ ਨੇ ਦੱਸਿਆ ਕਿ ਨਵੇਂ ਨਿਕਾਹਨਾਮੇ ਦਾ ਖਰੜਾ ਲੱਗਭਗ ਤਿਆਰ ਹੋ ਚੁੱਕਾ ਹੈ ਜਿਸ ’ਤੇ ਚਰਚਾ ਲਈ 9 ਸਤੰਬਰ ਨੂੰ ਇਕ ਬੈਠਕ ਬੁਲਾਈ ਗਈ ਹੈ। ਇਸ ਬੈਠਕ ’ਚ ਵਕਫ਼ ਬੋਰਡ ਦੇ ਮੈਂਬਰਾਂ ਤੋਂ ਇਲਾਵਾ ਪ੍ਰਦੇਸ਼ ਦੇ ਘੱਟਗਿਣਤੀ ਭਲਾਈ ਮੰਤਰੀ ਖਜ਼ਾਨ ਦਾਸ, ਘੱਟਗਿਣਤੀ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਪਰਾਗ ਮਧੂਕਰ ਧਕਾਤੇ ਅਤੇ ਯੂ. ਸੀ. ਸੀ. ਖਰੜਾ ਕਮੇਟੀ ਦੇ ਤਿੰਨ ਮੈਂਬਰ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਖਰੜੇ ’ਤੇ ਉਲੇਮਾਵਾਂ (ਮੁਸਲਿਮ ਧਰਮ ਗੁਰੂਆਂ) ਦੀ ਸਹਿਮਤੀ ਵੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਪੱਧਰਾਂ ’ਤੇ ਵਿਚਾਰ-ਵਟਾਂਦਰਾ ਕਰਨ ਅਤੇ ਕਾਨੂੰਨੀ ਤੌਰ ’ਤੇ ਜਾਂਚ-ਪਰਖ ਕਰਨ ਤੋਂ ਬਾਅਦ ਇਸ ਨੂੰ ਜਾਰੀ ਕੀਤਾ ਜਾਵੇਗਾ ਤਾਂ ਜੋ ਇਸ ਦੇ ਅਮਲ ’ਚ ਕੋਈ ਚੁਣੌਤੀ ਨਾ ਆਵੇ।
