ਸਾਲ ''ਚ ਸਿਰਫ਼ ਇਕ ਵਾਰ ਹੋਣ ਵਾਲੀ ਬਾਂਕੇ ਬਿਹਾਰੀ ਦੀ ਮੰਗਲਾ ਆਰਤੀ ਹੋਈ ਸੰਪੰਨ

Saturday, Sep 05, 2026 - 10:59 AM (IST)

ਸਾਲ ''ਚ ਸਿਰਫ਼ ਇਕ ਵਾਰ ਹੋਣ ਵਾਲੀ ਬਾਂਕੇ ਬਿਹਾਰੀ ਦੀ ਮੰਗਲਾ ਆਰਤੀ ਹੋਈ ਸੰਪੰਨ

ਮਥੁਰਾ- ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ 'ਤੇ ਵਰਿੰਦਾਵਨ ਸਥਿਤ ਵਿਸ਼ਵ ਪ੍ਰਸਿੱਧ ਠਾਕੁਰ ਬਾਂਕੇ ਬਿਹਾਰੀ ਮੰਦਰ 'ਚ ਸ਼ਨੀਵਾਰ ਤੜਕੇ ਉਹ ਅਲੌਕਿਕ ਪਲ ਆਇਆ, ਜਿਸ ਦਾ ਇੰਤਜ਼ਾਰ ਦੇਸ਼-ਦੁਨੀਆ ਦੇ ਭਗਤਾਂ ਨੂੰ ਪੂਰੇ ਸਾਲ ਰਹਿੰਦਾ ਹੈ। ਮੰਦਰ 'ਚ ਸਾਲ 'ਚ ਸਿਰਫ਼ ਇਕ ਵਾਰ ਹੋਣ ਵਾਲੀ ਬਾਂਕੇ ਬਿਹਾਰੀ ਜੀ ਦੀ ਪ੍ਰਸਿੱਧ ਮੰਗਲਾ ਆਰਤੀ ਪੂਰੀ ਵਿਧੀ-ਵਿਧਾਨ ਅਤੇ ਵੈਦਿਕ ਮੰਤਰਾਂ ਨਾਲ ਸੰਪੰਨ ਹੋਈ।

ਠਾਕੁਰ ਬਾਂਕੇ ਬਿਹਾਰੀ ਮੰਦਰ ਦੀ ਇਹ ਪਰੰਪਰਾ ਬੇਹੱਦ ਅਨੋਖੀ ਹੈ। ਆਮ ਦਿਨਾਂ 'ਚ ਇੱਥੇ ਸਿਰਫ਼ ਸ਼ਿੰਗਾਰ ਅਤੇ ਰਾਜਭੋਗ ਆਰਤੀ ਹੀ ਕੀਤੀ ਜਾਂਦੀ ਹੈ, ਮੰਗਲਾ ਆਰਤੀ ਨਹੀਂ ਹੁੰਦੀ। ਮਾਨਤਾ ਹੈ ਕਿ ਠਾਕੁਰ ਜੀ ਬਾਲ ਰੂਪ 'ਚ ਹਨ ਅਤੇ ਉਹ ਰਾਤ ਨੂੰ ਰਾਸਲੀਲਾ ਰਚਾਉਣ ਤੋਂ ਬਾਅਦ ਆਰਾਮ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਸਵੇਰੇ ਜਲਦੀ ਨਹੀਂ ਜਗਾਇਆ ਜਾਂਦਾ। ਹਾਲਾਂਕਿ ਜਨਮ ਅਸ਼ਟਮੀ ਦੀ ਅੱਧੀ ਰਾਤ ਨੂੰ ਭਗਵਾਨ ਕ੍ਰਿਸ਼ਨ ਦੇ ਪ੍ਰਗਟ ਹੋਣ ਤੋਂ ਬਾਅਦ ਤੜਕੇ ਇਹ ਵਿਸ਼ੇਸ਼ ਮੰਗਲਾ ਆਰਤੀ ਉਤਾਰੀ ਜਾਂਦੀ ਹੈ। 

ਭਾਦਰਪਦ ਕ੍ਰਿਸ਼ਨ ਅਸ਼ਟਮੀ ਦੀ ਅੱਧੀ ਰਾਤ 12 ਵਜੇ ਭਗਵਾਨ ਦੇ ਜਨਮ ਦਿਵਸ ਤੋਂ ਬਾਅਦ ਸੇਵਾਦਾਰ ਗੋਸਵਾਮੀਆਂ ਵਲੋਂ ਠਾਕੁਰ ਜੀ ਦਾ ਗੁਪਤ ਮਹਾਭਿਸ਼ੇਕ ਕੀਤਾ ਗਿਆ। ਦੁੱਧ, ਦਹੀਂ, ਦੇਸੀ ਘਿਓ, ਸ਼ਹਿਦ ਅਤੇ ਸ਼ਕਰ (ਪੰਚਅੰਮ੍ਰਿਤ) ਦੇ ਨਾਲ-ਨਾਲ ਦੁਰਲੱਭ ਔਸ਼ਧੀਆਂ ਨਾਲ ਬਾਂਕੇ ਬਿਹਾਰੀ ਦਾ ਇਸ਼ਨਾਨ ਕੀਤਾ ਗਿਆ। ਇਸ ਤੋਂ ਬਾਅਦ ਪ੍ਰਭੂ ਨੂੰ ਸੁਨਹਿਰੀ ਪੀਤਾਂਬਰੀ ਪੋਸ਼ਾਕ, ਕੇਸਰੀਆ ਕੱਪੜੇ, ਅਤੇ ਹੀਰੇ ਜੜ੍ਹੇ ਗਹਿਣਿਆਂ ਨਾਲ ਸਜਾਇਆ ਗਿਆ।

ਤੜਕੇ ਵੇਲੇ ਜਿਵੇਂ ਹੀ ਮੰਦਰ ਦੇ ਕਿਵਾੜ ਖੁੱਲ੍ਹੇ ਅਤੇ ਮੰਗਲਾ ਆਰਤੀ ਸ਼ੁਰੂ ਹੋਈ, ਪੂਰਾ ਮੰਦਰ ਸ਼ੰਖਾਂ ਦੀ ਆਵਾਜ਼, ਘੰਟੀਆਂ ਦੀ ਗੂੰਜ ਅਤੇ ਮੰਜ਼ੀਰਾਂ ਦੀ ਗੂੰਜ ਨਾਲ ਗੂੰਜ ਉਠਿਆ। ਲੱਖਾਂ ਦੀ ਗਿਣਤੀ 'ਚ ਮੌਜੂਦ ਸ਼ਰਧਾਲੂਆਂ ਨੇ 'ਬਾਂਕੇ  ਬਿਹਾਰੀ ਲਾਲ ਕੀ ਜੈ' ਅਤੇ 'ਹਾਥੀ ਘੋੜਾ ਪਾਲਕੀ, ਜੈ ਕਨ੍ਹਈਆ ਲਾਲ ਕੀ' ਦੇ ਜੈਕਾਰੇ ਲਗਾਏ। ਬਾਂਕੇ ਬਿਹਾਰੀ ਦੀ ਇਕ ਝਲਕ ਪਾਉਂਦੇ ਹੀ ਸ਼ਰਧਾਲੂ ਝੁੰਮਣ ਲੱਗੇ।

ਮੰਗਲਾ ਆਰਤੀ ਦੌਰਾਨ ਲੱਗਣ ਵਾਲੀ ਭੀੜ ਨੂੰ ਦੇਖਦੇ ਹੋਏ ਪੁਲਸ ਅਤੇ ਪ੍ਰਸ਼ਾਸਨ ਨੇ ਸਖ਼ਤ ਇੰਤਜ਼ਾਮ ਕੀਤੇ ਸਨ। ਮੰਦਰ ਵੱਲ ਜਾਣ ਵਾਲੇ ਰਸਤਿਆਂ 'ਤੇ ਵਨ-ਵੇਅ ਸਿਸਟਮ ਲਾਗੂ ਕੀਤਾ ਗਿਆ ਅਤੇ ਸੁਰੱਖਿਆ ਦੇ ਲਿਹਾਜ ਨਾਲ ਜਗ੍ਹਾ-ਜਗ੍ਹਾ ਹੋਲਡਿੰਗ ਏਰੀਆ ਬਣਾਏ ਗਏ ਸਨ। ਆਰਤੀ ਸੰਪੰਨ ਹੋਣ ਦੇ ਨਾਲ ਹੀ ਹੁਣ ਪੂਰੇ ਬ੍ਰਜ ਖੇਤਰ 'ਚ ਨੰਦਉਤਸਵ ਦੀ ਧੂਮ ਸ਼ੁਰੂ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News