3 ਜ਼ਿਲ੍ਹਿਆਂ ''ਚ ਸਕੂਲ ਬੰਦ, ਅਗਲੇ 18 ਘੰਟੇ ਭਾਰੀ! ਉੱਤਰਾਖੰਡ ''ਚ ਮੀਂਹ ਦਾ ਰੈੱਡ ਅਲਰਟ

Tuesday, Sep 01, 2026 - 10:21 PM (IST)

3 ਜ਼ਿਲ੍ਹਿਆਂ ''ਚ ਸਕੂਲ ਬੰਦ, ਅਗਲੇ 18 ਘੰਟੇ ਭਾਰੀ! ਉੱਤਰਾਖੰਡ ''ਚ ਮੀਂਹ ਦਾ ਰੈੱਡ ਅਲਰਟ

ਦੇਹਰਾਦੂਨ : ਉੱਤਰਾਖੰਡ ਵਿੱਚ ਲਗਾਤਾਰ ਹੋ ਰਹੀ ਭਾਰੀ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਅਤੇ ਸੂਬੇ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਮੌਸਮ ਵਿਭਾਗ ਅਤੇ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਅਗਲੇ 18 ਘੰਟਿਆਂ ਲਈ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਨੈਨੀਤਾਲ ਅਤੇ ਅਲਮੋੜਾ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਬੇਹੱਦ ਤੇਜ਼ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ 'ਰੈੱਡ ਅਲਰਟ' ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਹਰਾਦੂਨ, ਟਿਹਰੀ ਗੜ੍ਹਵਾਲ, ਉੱਤਰਕਾਸ਼ੀ, ਬਾਗੇਸ਼ਵਰ, ਪਿਥੌਰਾਗੜ੍ਹ, ਚੰਪਾਵਤ, ਪੌੜੀ ਗੜ੍ਹਵਾਲ ਅਤੇ ਚਮੋਲੀ ਸਮੇਤ 10 ਜ਼ਿਲ੍ਹਿਆਂ ਵਿੱਚ 'ਓਰੇਂਜ ਅਲਰਟ' ਲਾਗੂ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਇਹ ਚਿਤਾਵਨੀ 1 ਸਤੰਬਰ 2026 ਦੀ ਸ਼ਾਮ ਤੋਂ 2 ਸਤੰਬਰ ਦੀ ਸਵੇਰ 10 ਵਜੇ ਤੱਕ ਪ੍ਰਭਾਵੀ ਰਹੇਗੀ।

ਮੀਂਹ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਨੈਨੀਤਾਲ, ਬਾਗੇਸ਼ਵਰ ਅਤੇ ਅਲਮੋੜਾ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਐਲਾਨ ਕਰ ਦਿੱਤੀ ਹੈ। ਸਥਿਤੀ 'ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਐੱਸ.ਡੀ.ਆਰ.ਐੱਫ. (SDRF) ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਭਾਰੀ ਮੀਂਹ ਕਾਰਨ ਪਹਾੜੀ ਖੇਤਰਾਂ ਵਿੱਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸੀਮਾਂਤ ਜ਼ਿਲ੍ਹੇ ਪਿਥੌਰਾਗੜ੍ਹ ਵਿੱਚ ਭੂਸਖਲਨ ਕਾਰਨ ਰਾਸ਼ਟਰੀ ਰਾਜਮਾਰਗ ਸਮੇਤ 17 ਸੜਕਾਂ ਬੰਦ ਹੋ ਗਈਆਂ ਹਨ। ਸੜਕਾਂ 'ਤੇ ਭਾਰੀ ਮਲਬਾ ਆਉਣ ਕਾਰਨ ਬੱਸਾਂ, ਟੈਕਸੀਆਂ ਅਤੇ ਟਰੱਕਾਂ ਸਮੇਤ 400 ਤੋਂ ਵੱਧ ਵਾਹਨ ਵੱਖ-ਵੱਖ ਥਾਵਾਂ 'ਤੇ ਫਸ ਗਏ ਹਨ। ਇਸ ਤੋਂ ਇਲਾਵਾ ਮਸੂਰੀ-ਦੇਹਰਾਦੂਨ ਮੁੱਖ ਮਾਰਗ ਵੀ ਭਿਆਨਕ ਲੈਂਡਸਲਾਈਡ ਕਾਰਨ ਬੰਦ ਹੋ ਗਿਆ ਹੈ।

ਲਗਾਤਾਰ ਪੈ ਰਹੇ ਮੀਂਹ ਕਾਰਨ ਖੇਤਰ ਦੀਆਂ ਪ੍ਰਮੁੱਖ ਨਦੀਆਂ—ਕਾਲੀ, ਰਾਮਗੰਗਾ, ਸਰਯੂ ਅਤੇ ਗੋਰੀ ਦਾ ਜਲ ਪੱਧਰ ਖ਼ਤਰਨਾਕ ਤੌਰ 'ਤੇ ਵੱਧ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ-ਨਾਲਿਆਂ ਦੇ ਨੇੜੇ ਨਾ ਜਾਣ ਅਤੇ ਖ਼ਰਾਬ ਮੌਸਮ ਦੌਰਾਨ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਖ਼ਤ ਹਦਾਇਤ ਕੀਤੀ ਹੈ। ਪਹਾੜੀ ਰਸਤਿਆਂ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।


author

Inder Prajapati

Content Editor

Related News