ਉਤਰਾਖੰਡ ’ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਬੰਦ
Saturday, Dec 21, 2024 - 11:56 PM (IST)
ਪਿਥੌਰਾਗੜ੍ਹ, (ਭਾਸ਼ਾ)- ਉਤਰਾਖੰਡ ’ਚ ਪਿਥੌਰਾਗੜ੍ਹ ਦੇ ਧਾਰਚੂਲਾ ਵਿਖੇ ਸ਼ਨੀਵਾਰ ਦੁਪਹਿਰ ਵੇਲੇ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ। ਕਈ ਵਾਹਨ ਜਾਮ ’ਚ ਫਸ ਗਏ।
ਹਾਈਵੇਅ ਤੋਂ ਮਲਬਾ ਹਟਾਉਣ ਦਾ ਕੰਮ ਸ਼ਨੀਵਾਰ ਰਾਤ ਤਕ ਚੱਲ ਰਿਹਾ ਸੀ। ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ। ਜ਼ਿਲਾ ਮੈਜਿਸਟਰੇਟ ਵਿਨੋਦ ਗੋਸਵਾਮੀ ਨੇ ਦੱਸਿਆ ਕਿ ਪਿਥੌਰਾਗੜ੍ਹ ਦੇ ਤਵਾਘਾਟ ਨੇੜੇ ਸਵੇਰੇ 11 ਵਜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਦਾਰਚੁਲਾ ਦੇ ਉਪ ਜ਼ਿਲਾ ਮੈਜਿਸਟ੍ਰੇਟ ਤੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਸੰਗਠਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ।
ਉਨ੍ਹਾਂ ਦੱਸਿਆ ਕਿ ਜਲਦੀ ਹੀ ਸੜਕ ਨੂੰ ਖੋਲ੍ਹ ਦਿੱਤਾ ਜਾਵੇਗਾ। ਜ਼ਮੀਨ ਖਿਸਕਣ ਦੀ ਸੰਭਾਵਨਾ ਉਦੋਂ ਹੋਈ ਜਦੋਂ ਇਕ ਹੋਰ ਉਸਾਰੀ ਅਧੀਨ ਸੜਕ ਦਾ ਮਲਬਾ ਮੁੱਖ ਸੜਕ ਉੱਪਰ ਡਿੱਗਣਾ ਸ਼ੁਰੂ ਹੋ ਗਿਆ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਤਵਾਘਾਟ-ਦਾਰਚੁਲਾ ਸੜਕ ’ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਜ਼ਿਲਾ ਪ੍ਰਸ਼ਾਸਨ ਤੇ ਸਬੰਧਤ ਅਧਿਕਾਰੀਆਂ ਨੂੰ ਮਲਬੇ ਨੂੰ ਹਟਾਉਣ ਤੇ ਜਲਦੀ ਤੋਂ ਜਲਦੀ ਰਾਹ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ।