ਹਰਿਦੁਆਰ ''ਚ ਤੇਜ਼ ਬਾਰਸ਼ ਕਾਰਨ ਹਰੀ ਕੀ ਪੌੜੀ ''ਤੇ ਕੰਧ ਡਿੱਗੀ, ਘਾਟ ''ਤੇ ਫੈਲਿਆ ਮਲਬਾ
Tuesday, Jul 21, 2020 - 05:00 PM (IST)
ਹਰਿਦੁਆਰ- ਉਤਰਾਖੰਡ ਦੇ ਹਰਿਦੁਆਰ 'ਚ ਸੋਮਵਾਰ ਦੀ ਰਾਤ ਤੇਜ਼ ਬਾਰਸ਼ ਕਾਰਨ ਹਰੀ ਕੀ ਪੌੜੀ ਕੁੰਡ ਦੇ ਸਾਹਮਣੇ ਘਾਟ ਦੇ ਉੱਪ ਬਣਾਈ ਗਈ ਕੰਧ ਢਹਿ ਗਈ, ਜਿਸ ਨਾਲ ਕੰਧ ਦਾ ਮਲਬਾ ਘਾਟ 'ਤੇ ਫੈਲ ਗਿਆ। ਹਰੀ ਕੀ ਪੌੜੀ 'ਤੇ ਇੰਨੀਂ ਦਿਨੀਂ ਭਾਰੀ ਭੀੜ ਰਹਿੰਦੀ ਹੈ। ਕਾਵੜ ਮੇਲਾ ਲੱਗਣ ਕਾਰਨ ਕਰੋੜਾਂ ਯਾਤਰੀ ਹਰੀ ਕੀ ਪੌੜੀ ਖੇਤਰ 'ਚ ਘੁੰਮਦੇ ਰਹਿੰਦੇ ਹਨ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਅਤੇ ਤਾਲਾਬੰਦੀ ਕਾਰਨ ਹਰੀ ਕੀ ਪੌੜੀ 'ਚ ਯਾਤਰੀਆਂ ਦੀ ਆਵਾਜਾਈ 2 ਦਿਨ ਤੋਂ ਬੰਦ ਸੀ। ਸੋਮਵੱਤੀ ਮੱਸਿਆ 'ਤੇ ਪ੍ਰਸ਼ਾਸਨ ਨੇ ਲੋਕਾਂ ਦੇ ਹਰੀ ਕੀ ਪੌੜੀ 'ਤੇ ਇਸ਼ਨਾਨ ਕਰਨ ਲਈ ਪਾਬੰਦੀ ਲੱਗਾ ਦਿੱਤੀ ਸੀ, ਜਿਸ ਕਾਰਨ ਇਸ ਹਾਦਸੇ ਦਾ ਕੋਈ ਵੱਡਾ ਅਸਰ ਨਹੀਂ ਹੋਇਆ।
ਸਥਾਨਕ ਪ੍ਰਸ਼ਾਸਨ ਮਲਬਾ ਹਟਾਉਣ ਦਾ ਕੰਮ ਕਰ ਰਿਹਾ ਹੈ। ਹਾਲਾਂਕਿ ਹਰੀ ਕੀ ਪੌੜੀ 'ਤੇ ਰੋਜ਼ਾਨਾ ਹੋਣ ਵਾਲੀ ਆਰਤੀ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ, ਉੱਥੇ ਪੂਜਾ ਆਮ ਰੂਪ ਨਾਲ ਕੀਤੀ ਜਾਵੇਗੀ, ਉੱਥੇ ਹੀ ਗੰਗਾ ਸਭਾ ਦੇ ਅਹੁਦਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਹੋਈ ਇਸ ਘਟਨਾ ਨਾਲ ਮਲਬਾ ਘਾਟ 'ਤੇ ਡਿੱਗਣ ਨਾਲ ਕੁਝ ਸਮੇਂ ਲਈ ਲੋਕਾਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਗਿਆ ਹੈ। ਮਲਬਾ ਸਾਫ਼ ਹੋਣ ਤੋਂ ਬਾਅਦ ਉੱਥੇ ਆਮ ਸਥਿਤੀ ਬਹਾਲ ਹੋ ਜਾਵੇਗੀ ਜਦੋਂ ਕਿ ਗੰਗਾ ਆਰਤੀ ਆਪਣੇ ਤੈਅ ਸਮੇਂ 'ਤੇ ਹੀ ਹੋਵੇਗੀ। ਦੱਸਣਯੋਗ ਹੈ ਕਿ ਹਰਿਦੁਆਰ 'ਚ ਇੰਨੀਂ ਦਿਨੀਂ ਭੂਮੀਗਤ ਕੇਬਲ ਲਾਈਨਾਂ ਨੂੰ ਵਿਛਾਉਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਗੈਸ ਪਾਈਪਲਾਈਨ ਵੀ ਵਿਛਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਕੰਮਾਂ ਲਈ ਜਗ੍ਹਾ-ਜਗ੍ਹਾ ਕੀਤੇ ਜਾ ਰਹੇ ਟੋਇਆ ਕਾਰਨ ਤੇਜ਼ ਬਾਰਸ਼ ਦਾ ਪਾਣੀ ਇਸ ਕੰਧ ਦੀ ਨੀਂਹ ਤੱਕ ਪਹੁੰਚ ਗਿਆ ਅਤੇ ਦਬਾਅ ਕਾਰਨ ਕਰੀਬ 80 ਮੀਟਰ ਕੰਧ ਢਹਿ ਗਈ।