ਉਤਰਾਖੰਡ ''ਚ ਜੰਗਲਾਂ ਦੀ ਅੱਗ ਨੂੰ ਲੈ ਕੇ ਸੁਪਰੀਮ ਕੋਰਟ ''ਚ ਜਨਹਿੱਤ ਪਟੀਸ਼ਨ ਦਾਇਰ
Monday, Jun 24, 2019 - 05:33 PM (IST)

ਨੈਨੀਤਾਲ— ਉਤਰਾਖੰਡ ਦੇ ਜੰਗਲਾਂ 'ਚ ਅੱਗ ਦੀਆਂ ਘਟਨਾਵਾਂ 'ਚ ਹੋ ਰਹੇ ਵਾਧੇ ਨੂੰ ਲੈ ਕੇ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਕੋਰਟ ਨੇ ਇਸ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ। ਟਿਹਰੀ ਵਾਸੀ ਅਤੇ ਪੇਸ਼ੇ ਤੋਂ ਐਡਵੋਕੇਟ ਰਿਤੂਪਰਨ ਓਨੀਆਲ ਨੇ ਉਤਰਾਖੰਡ ਦੇ ਜੰਗਲਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਹੋ ਰਹੇ ਵਾਧੇ ਨੂੰ ਲੈ ਕੇ ਕਿ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਓਨੀਆਲ ਨੇ ਦੱਸਿਆ ਕਿ ਕੋਰਟ ਨੇ ਉਨ੍ਹਾਂ ਨੂੰ ਇਸ ਮਾਮਲੇ 'ਚ ਐਡੀਸ਼ਨਲ ਦਸਤਾਵੇਜ਼ ਜਮ੍ਹਾ ਕਰਨ ਲਈ ਕਿਹਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਤਰਾਖੰਡ ਦੇ ਜੰਗਲਾਂ 'ਚ ਅੱਗ ਦੀਆਂ ਘਟਨਾਵਾਂ ਵਧ ਰਹੀਆਂ ਹਨ। ਜੰਗਲਾਂ 'ਚ ਹੋ ਰਹੀਆਂ ਅੱਗ ਦੀਆਂ ਘਟਨਾਵਾਂ ਨਾਲ ਪੰਛੀਆਂ, ਕੀੜਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਨਸ਼ਟ ਹੋ ਰਹੀਆਂ ਹਨ। ਅੱਗ ਤੋਂ ਪੈਦਾ ਹੋਣ ਵਾਲੀ ਕਾਰਬਨ ਡੀਆਕਸਾਈਡ ਨਾਲ ਪਹਾੜਾਂ 'ਚ ਗਰਮੀ ਪੈਦਾ ਹੋ ਰਹੀ ਹੈ, ਜਿਸ ਦੇ ਨਤੀਜੇ ਵਜੋਂ ਗਲੇਸ਼ੀਅਰ ਪਿਘਲ ਰਹੇ ਹਨ। ਇਸ ਨਾਲ ਪ੍ਰਦੂਸ਼ਣ ਵਧ ਰਿਹਾ ਹੈ।
ਪਟੀਸ਼ਨ 'ਚ ਜੰਗਲੀ ਜੀਵਾਂ ਸਮੇਤ ਜੰਗਲਾਂ ਨੂੰ ਅੱਗ ਤੋਂ ਬਚਾਉਣ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਓਨੀਆਲ ਨੇ ਕਿਹਾ ਕਿ ਜੱਜ ਸੰਜੀਵ ਖੰਨਾ ਅਤੇ ਜੱਜ ਬੀ.ਆਰ. ਗਵਈ ਦੀ ਬੈਂਚ ਨੇ ਸੁਣਵਾਈ ਕੀਤੀ ਅਤੇ ਇਸ ਮਾਮਲੇ ਨੂੰ ਉਤਰਾਖੰਡ ਹਾਈ ਕੋਰਟ 'ਚ ਦਾਇਰ ਕਰਨ ਲਈ ਕਿਹਾ। ਇਸ ਮਾਮਲੇ 'ਚ ਵਿਅਕਤੀਗਤ ਰੂਪ ਨਾਲ ਪੇਸ਼ ਹੋਏ ਓਨੀਆਲ ਨੇ ਦੱਸਿਆ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਤਰਾਖੰਡ ਹਾਈ ਕੋਰਟ ਨੇ ਸਾਲ 2016 'ਚ ਜੰਗਲ ਦੀ ਅੱਗ ਨੂੰ ਲੈ ਕੇ ਸਰਕਾਰ ਨੂੰ ਕੁਝ ਨਿਰਦੇਸ਼ ਜਾਰੀ ਕੀਤੇ ਸਨ ਪਰ ਰਾਜ ਸਰਕਾਰ ਵਲੋਂ ਇਸ ਮਾਮਲੇ ਨੂੰ ਵਿਸ਼ੇਸ਼ ਪਟੀਸ਼ਨ ਦੇ ਮਾਧਿਅਮ ਨਾਲ ਸਰਵਉੱਚ ਅਦਾਲਤ 'ਚ ਚੁਣੌਤੀ ਦਿੱਤੀ ਗਈ ਸੀ ਅਤੇ ਸੁਪਰੀਮ ਕੋਰਟ ਨੇ 2017 'ਚ ਹਾਈ ਕੋਰਟ ਦੇ ਆਦੇਸ਼ 'ਤੇ ਰੋਕ ਲੱਗਾ ਦਿੱਤੀ ਸੀ। ਇਸ ਤੋਂ ਬਾਅਦ ਬੈਂਚ ਨੇ ਇਸ ਮਾਮਲੇ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਅਤੇ ਓਨੀਆਲ ਨੂੰ ਇਸ ਮਾਮਲੇ 'ਚ ਐਡੀਸ਼ਨਲ ਦਸਤਾਵੇਜ਼ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਹਨ।