'ਫਟੀ ਜੀਨਸ' ਵਾਲੇ ਬਿਆਨ 'ਤੇ ਮੁਆਫ਼ੀ ਮੰਗਣ ਮਗਰੋਂ ਉੱਤਰਾਖੰਡ ਦੇ ਸੀ. ਐੱਮ. ਦਾ ਹੁਣ ਨਵਾਂ ‘ਗਿਆਨ’

03/22/2021 11:41:16 AM

ਦੇਹਰਾਦੂਨ— ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਆਪਣੇ ਬਿਆਨਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ’ਚ ਬਣੇ ਹੋਏ ਹਨ। ਬੀਬੀਆਂ ਦੇ ਫਟੀ ਜੀਨਸ ਪਹਿਨਣ ਵਾਲੇ ਬਿਆਨ ’ਤੇ ਵਿਵਾਦ ਅਜੇ ਠੰਡਾ ਨਹੀਂ ਪਿਆ ਸੀ ਕਿ ਹੁਣ ਉਨ੍ਹਾਂ ਦਾ ਨਵਾਂ ਗਿਆਨ ਸਾਹਮਣੇ ਆਇਆ ਹੈ। ਐਤਵਾਰ ਯਾਨੀ ਕਿ ਕੱਲ੍ਹ ਇਕ ਪੋ੍ਰਗਰਾਮ ਵਿਚ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਹੋਰ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਕੋਰੋਨਾ ਦੀ ਆਫ਼ਤ ਨਾਲ ਨਜਿੱਠਣ ਦੇ ਮਾਮਲੇ ਵਿਚ ਬਿਹਤਰ ਕੰਮ ਕਰ ਰਿਹਾ ਹੈ। ਉੱਥੇ ਹੀ ਅਮਰੀਕਾ, ਜਿਸ ਨੇ ਸਾਨੂੰ 200 ਸਾਲ ਤੱਕ ਗੁਲਾਮ ਬਣਾ ਕੇ ਰੱਖਿਆ ਅਤੇ ਦੁਨੀਆ ’ਤੇ ਰਾਜ ਕੀਤਾ। 

ਇਹ ਵੀ ਪੜ੍ਹੋ : ਉਤਰਾਖੰਡ ਦੇ CM ਬੋਲੇ- ‘ਫਟੀ ਜੀਨਸ’ ਪਹਿਨ ਰਹੀਆਂ ਕੁੜੀਆਂ, ਇਹ ਕਿਸ ਤਰ੍ਹਾਂ ਦੇ ਸੰਸਕਾਰ?

ਤੀਰਥ ਸਿੰਘ ਰਾਵਤ ਨੇ ਕਿਹਾ ਕਿ ਕੋਰੋਨਾ ਕਾਲ ’ਚ ਸਰਕਾਰ ਵਲੋਂ ਹਰ ਘਰ ਵਿਚ ਪ੍ਰਤੀ ਯੂਨਿਟ 5 ਕਿਲੋ ਰਾਸ਼ਨ ਦਿੱਤਾ ਗਿਆ। ਜਿਨ੍ਹਾਂ ਦੇ 10 ਸਨ, ਉਨ੍ਹਾਂ ਨੂੰ 50 ਕਿਲੋ, 20 ਸਨ ਤਾਂ ਕੁਇੰਟਲ ਰਾਸ਼ਨ ਦਿੱਤਾ ਗਿਆ। ਫਿਰ ਵੀ ਸਾੜ ਪੈਣ ਲੱਗਾ ਕਿ 2 ਬੱਚਿਆਂ ਵਾਲਿਆਂ ਨੂੰ 10 ਕਿਲੋ ਅਤੇ 20 ਵਾਲਿਆਂ ਨੂੰ ਕੁਇੰਟਲ ਮਿਲਿਆ। ਇਸ ’ਚ ਸਾੜ ਕਿਹੋ ਜਿਹਾ? ਜਦੋਂ ਸਮਾਂ ਸੀ ਤਾਂ ਤੁਸੀਂ 2 ਹੀ ਪੈਦਾ ਕੀਤੇ 20 ਕਿਉਂ ਨਹੀਂ ਪੈਦਾ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਆਫ਼ਤ ਵਿਚ ਅਸੀਂ ਚੌਲ ਵੰਡੇ, ਜਿਸ ਦੇ 2 ਬੱਚੇ ਸਨ ਉਸ ਨੂੰ 10 ਕਿਲੋ, ਜਿਸ ਦੇ 10 ਬੱਚੇ ਸਨ, ਉਸ ਨੂੰ 50 ਕਿਲੋ, ਲੋਕਾਂ ਨੇ ਢੇਰ ਲਾ ਲਏ। ਇੰਨੇ ਵਧੀਆ ਚੌਲ ਦਿੱਤੇ ਕਿ ਅੱਜ ਤੱਕ ਖ਼ੁਦ ਖਰੀਦੇ ਨਹੀਂ ਹੋਣਗੇ। 

ਇਹ ਵੀ ਪੜ੍ਹੋ : ‘ਫਟੀ ਜੀਨਸ’ ਵਾਲੇ ਬਿਆਨ ’ਤੇ ਘਿਰੇ ਤੀਰਥ ਰਾਵਤ, ਬੀਬੀ ਨੇਤਾਵਾਂ ਦਾ ਤੰਜ- ‘CM ਸਾਬ੍ਹ ਸੋਚ ਬਦਲੋ’

ਅਮਰੀਕਾ ਨੇ 200 ਸਾਲ ਤੱਕ ਗੁਲਾਮ ਬਣਾ ਕੇ ਰੱਖਿਆ—
ਤੀਰਥ ਸਿੰਘ ਰਾਵਤ ਨੇ ਅੱਗੇ ਕਿਹਾ ਕਿ ਸਾਨੂੰ 200 ਸਾਲ ਤੱਕ ਗੁਲਾਮ ਬਣਾ ਕੇ ਰੱਖਣ ਵਾਲਾ ਅਮਰੀਕਾ ਡੋਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਕੋਰੋਨਾ ਆਫ਼ਤ ਨਾਲ ਨਜਿੱਠਣ ਦੇ ਮਾਮਲੇ ਵਿਚ ਬਿਹਤਰ ਕੰਮ ਕਰ ਰਿਹਾ ਹੈ। ਉੱਥੇ ਹੀ ਅਮਰੀਕਾ, ਜਿਸ ਨੇ ਸਾਨੂੰ 200 ਸਾਲ ਤੱਕ ਗੁਲਾਮ ਬਣਾ ਕੇ ਰੱਖਿਆ ਅਤੇ ਦੁਨੀਆ ’ਤੇ ਰਾਜ ਕੀਤਾ, ਮੌਜੂਦਾ ਸਮੇਂ ਵਿਚ ਸੰਘਰਸ਼ ਕਰ ਰਿਹਾ ਹੈ। ਜਦ ਕਿ ਹਕੀਕਤ ਇਹ ਹੈ ਕਿ ਭਾਰਤ ’ਚ ਅਮਰੀਕਾ ਨੇ ਨਹੀਂ, ਸਗੋਂ ਇੰਗਲੈਂਡ ਨੇ ਰਾਜ ਕੀਤਾ ਸੀ।

ਇਹ ਵੀ ਪੜ੍ਹੋ : 'ਫਟੀ ਜੀਨਸ' ਬਿਆਨ 'ਤੇ ਵਿਵਾਦ ਵਧਣ ਦਰਮਿਆਨ ਤੀਰਥ ਰਾਵਤ ਨੇ ਮੰਗੀ ਮੁਆਫ਼ੀ

ਫਟੀ ਜੀਨਸ ਵਾਲੇ ਬਿਆਨ ’ਤੇ ਹੋਇਆ ਵਿਵਾਦ—
ਤੀਰਥ ਸਿੰਘ ਰਾਵਤ ਦੇ ਬੀਬੀਆਂ ਦੇ ਪਹਿਨਾਵੇ ਵਾਲੇ ਬਿਆਨ ’ਤੇ ਜ਼ਿਆਦਾ ਵਿਵਾਦ ਹੋਇਆ। ਉਨ੍ਹਾਂ ਨੇ ਬੀਬੀਆਂ ਦੇ ਫਟੀ ਜੀਨਸ ਪਹਿਨਣ ਨੂੰ ਲੈ ਕੇ ਟਿੱਪਣੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਕ ਵਾਰ ਉਹ ਜਹਾਜ਼ ਵਿਚ ਜਾ ਰਹੇ ਸਨ, ਤਾਂ ਉਨ੍ਹਾਂ ਨੇ ਬੀਬੀ ਨੂੰ ਫਟੀ ਜੀਨਸ ਪਹਿਨੇ ਵੇਖਿਆ, ਉਸ ਨਾਲ ਦੋ ਬੱਚੇ ਵੀ ਸਨ। ਬੀਬੀ ਐੱਨ. ਜੀ. ਓ. ਚਲਾਉਂਦੀ ਸੀ, ਜਦਕਿ ਉਨ੍ਹਾਂ ਦੇ ਪਤੀ ਪ੍ਰੋਫੈਸਰ ਸਨ। ਰਾਵਤ ਨੇ ਕਿਹਾ ਕਿ ਅਜਿਹੀਆਂ ਬੀਬੀਆਂ ਆਪਣੇ ਬੱਚਿਆਂ ਨੂੰ ਕੀ ਸੰਸਕਾਰ ਦੇਣਗੀਆਂ? ਹਾਲਾਂਕਿ ਵਿਵਾਦ ਹੋਣ ਮਗਰੋਂ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਸੀ।

ਨੋਟ- ਮੁੱਖ ਮੰਤਰੀ ਤੀਰਥ ਸਿੰਘ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ


Tanu

Content Editor

Related News