ਇਸ ਸ਼ਹਿਰ ਦੇ ਮੁੱਖ ਮੰਤਰੀ ਨੇ ਮਹਿਮਾਨਾਂ ਦੇ ਚਾਹ-ਨਾਸ਼ਤੇ ''ਤੇ ਖਰਚੇ 68 ਲੱਖ ਤੋਂ ਵੱਧ ਰੁਪਏ
Tuesday, Feb 06, 2018 - 07:51 PM (IST)
ਦੇਹਰਾਦੂਨ— ਉਤਰਾਖੰਡ 'ਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਹੁਣ ਤਕ ਆਪਣੇ ਮਹਿਮਾਨਾਂ ਦੇ ਚਾਹ-ਨਾਸ਼ਤੇ 'ਤੇ 68 ਲੱਖ ਰੁਪਏ ਤੋਂ ਜ਼ਿਆਦਾ ਖਰਚ ਕਰ ਦਿੱਤੇ ਹਨ। ਸੂਚਨਾ ਦਾ ਅਧਿਕਾਰ ਕਾਨੂੰਨ (ਆਰ. ਟੀ. ਆਈ.) ਤਹਿਤ ਇਹ ਜਾਣਕਾਰੀ ਦਿੱਤੀ ਗਈ ਹੈ। ਆਰ. ਟੀ. ਆਈ. ਕਾਰਜਕਰਤਾ ਹੇਮੰਤ ਸਿੰਘ ਗੌਨੀਆਂ ਨੇ 19 ਸਤੰਬਰ 2017 ਨੂੰ ਸੂਬਾ ਸਰਕਾਰ ਤੋਂ ਮਹਿਮਾਨਾਂ ਦੇ ਚਾਹ-ਪਾਣੀ 'ਤੇ ਕੀਤੇ ਗਏ ਖਰਚੇ ਬਾਰੇ ਜਾਣਕਾਰੀ ਮੰਗੀ ਸੀ। ਜਿਸ ਤੋਂ ਬਾਅਦ ਸੂਬਾ ਸਕੱਤਰੇਤ ਪ੍ਰਸ਼ਾਸਨ ਵਲੋਂ ਜਾਣਕਾਰੀ ਦਿੱਤੀ ਗਈ। ਜਿਸ 'ਚ ਰਾਵਤ ਸਰਕਾਰ ਨੇ 11 ਮਹੀਨਿਆਂ 'ਚ ਚਾਹ-ਪਾਣੀ 'ਤੇ ਕੁੱਲ੍ਹ 68,59,865 ਰੁਪਏ ਖਰਚ ਕੀਤੇ ਹਨ। ਇਹ ਰਾਸ਼ੀ ਮੰਤਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ 'ਚ ਖਰਚ ਕੀਤੀ ਗਈ ਹੈ।
ਦੱਸ ਦਈਏ ਕਿ ਤ੍ਰਿਵੇਂਦਰ ਸਿੰਘ ਰਾਵਤ ਨੇ 18 ਮਾਰਚ 2017 ਨੂੰ ਉਤਰਾਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸੰਹੁ ਚੁੱਕੀ ਸੀ। ਉਤਰਾਖੰਡ ਸਰਕਾਰ ਵਲੋਂ ਮਹਿਮਾਨਾਂ ਦੇ ਚਾਹ-ਨਾਸ਼ਤੇ 'ਤੇ ਲੱਖਾਂ ਰੁਪਏ ਖਰਚ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਯੂਜਰਜ਼ ਖੂਬ ਚੁਟਕੀਆਂ ਲੈ ਰਹੇ ਹਨ।
