ਬਰਫ਼ਬਾਰੀ ਕਾਰਨ ਕੇਦਾਰਨਾਥ ਦੇ ਪੈਦਲ ਮਾਰਗ ''ਤੇ ਵਿਛੀ ਬਰਫ ਦੀ ਚਾਦਰ

03/29/2023 5:51:30 PM

ਰੁਦਰਪ੍ਰਯਾਗ- ਕੇਦਾਰਨਾਥ ਧਾਮ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਖ਼ਰਾਬ ਹੋਣ ਅਤੇ ਰੁਕ-ਰੁਕ ਕੇ ਬਰਫ਼ਬਾਰੀ ਹੌਣ ਕਾਰਨ ਯਾਤਰਾ ਦੀਆਂ ਤਿਆਰੀਆਂ 'ਚ ਰੁਕਾਵਟ ਆ ਰਹੀ ਹੈ। ਇੱਥੇ ਆਉਣ ਵਾਲੇ ਪੈਦਲ ਮਾਰਗ ਇਕ ਵਾਰ ਫਿਰ ਬਰਫ਼ ਨਾਲ ਭਰ ਗਏ ਹਨ। ਕੇਦਾਰਨਾਥ ਧਾਮ ਦੇ ਕਿਵਾੜ 25 ਅਪ੍ਰੈਲ ਨੂੰ ਖੁੱਲ੍ਹ ਰਹੇ ਹਨ ਅਤੇ ਯਾਤਰਾ ਦੀਆਂ ਤਿਆਰੀਆਂ ਲਈ ਹੁਣ ਇਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। 

ਖ਼ਰਾਬ ਮੌਸਮ ਦਰਮਿਆਨ ਮਾਰਗ ਨੂੰ ਸੁਚਾਰੂ ਬਣਾ ਕੇ ਰੱਖਣ ਲਈ ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ ਅਧਿਕਾਰੀ ਮਯੂਰ ਦੀਕਸ਼ਿਤ ਨੇ ਕੇਦਾਰਨਾਥ ਮੰਦਰ ਦੀ ਯਾਤਰਾ ਨੂੰ ਸੌਖਾਲਾ ਅਤੇ ਚੰਗੇ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਨੂੰ 15 ਅਪ੍ਰੈਲ ਤੱਕ ਦੀ ਸਮਾਂ ਸੀਮਾ ਦਿੱਤੀ ਹੈ। ਅਥਾਰਟੀ ਦੇ ਇੰਜੀਨੀਅਰ ਸੁਰਿੰਦਰ ਰਾਵਤ ਨੇ ਦੱਸਿਆ ਕਿ ਕੇਦਾਰਨਾਥ ਧਾਮ ਦੇ ਤੀਰਥ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਸੜਕ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਉਂਝ ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਕਈ ਥਾਵਾਂ ’ਤੇ ਬਰਫ਼ਬਾਰੀ ਹੋਣ ਕਾਰਨ ਇਹ ਰਸਤਾ ਹੁਣ ਬੰਦ ਹੋ ਗਿਆ ਹੈ। 

ਇੰਜੀਨੀਅਰ ਨੇ ਦੱਸਿਆ ਕਿ ਰਸਤੇ ਨੂੰ ਸੌਖਾਲਾ ਬਣਾਉਣ ਲਈ ਮਜ਼ਦੂਰ ਲਾਏ ਗਏ ਹਨ ਪਰ ਮੌਸਮ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਕੰਮ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਕਰਮਚਾਰੀ ਬਰਫ਼ ਹਟਾਉਣ ਦਾ ਕੰਮ ਕਰ ਰਹੇ ਹਨ ਤਾਂ ਜੋ ਮਾਰਗ ਨੂੰ ਜਲਦੀ ਤੋਂ ਜਲਦੀ ਆਵਾਜਾਈ ਲਈ ਖੋਲ੍ਹਿਆ ਜਾ ਸਕੇ। ਇਸ ਤੋਂ ਇਲਾਵਾ ਕੇਦਾਰਨਾਥ ਪੈਦਲ ਮਾਰਗ 'ਤੇ ਟੁੱਟੀਆਂ ਰੇਲਿੰਗਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਹੂਲਤ ਦੇਣ ਲਈ ਜਲ ਸੰਸਥਾ ਵੱਲੋਂ ਸਟੈਂਡ ਪੋਸਟਾਂ, ਹੈਂਡਪੰਪ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।


 


Tanu

Content Editor

Related News